ਚੀਨ ਕੋਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਕਰੇਗਾ 2 ਅਰਬ ਡਾਲਰ ਦੀ ਮਦਦ

05/18/2020 9:35:55 PM

ਜਿਨੇਵਾ (ਏ. ਪੀ.) - ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਕੋਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਅਗਲੇ 2 ਸਾਲ ਵਿਚ ਵਿਸ਼ਵ ਸਿਹਤ ਸੰਗਠਨ ਨੂੰ 2 ਅਰਬ ਡਾਲਰ ਦੀ ਮਦਦ ਉਪਲਬਧ ਕਰਾਵੇਗਾ। ਜਿਨਪਿੰਗ ਨੇ ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਦੀ ਸਭਾ ਨੂੰ ਸੰਬੋਧਿਤ ਕਰਦੇ ਹੋਏ ਆਖਿਆ ਕਿ ਚੀਨ ਨੇ ਡਬਲਯੂ. ਐਚ. ਓ. ਅਤੇ ਹੋਰ ਦੇਸ਼ਾਂ ਨੂੰ ਮਹਾਮਾਰੀ ਨਾਲ ਜੁੜੇ ਅੰਕੜੇ ਸਮੇਂ 'ਤੇ ਉਪਲਬਧ ਕਰਾਏ ਸਨ। ਉਨ੍ਹਾਂ ਕਿਹਾ ਕਿ ਅਸੀਂ ਬਿਨਾਂ ਕੁਝ ਲੁਕਾਏ ਵਿਸ਼ਵ ਦੇ ਨਾਲ ਮਹਾਮਾਰੀ 'ਤੇ ਕੰਟਰੋਲ ਅਤੇ ਇਲਾਜ ਦੇ ਅਨੁਭਨ ਨੂੰ ਸਾਂਝਾ ਕੀਤਾ ਹੈ।

ਜਿਨਪਿੰਗ ਨੇ ਅੱਗੇ ਆਖਿਆ ਕਿ ਸਾਨੂੰ ਜ਼ਰੂਰਤ ਪੈਣ 'ਤੇ ਦੇਸ਼ਾਂ ਦੀ ਸਹਾਇਤਾ ਕਰਨ ਲਈ ਆਪਣੀ ਸਮਰੱਥਾ ਮੁਤਾਬਕ ਹਰ ਸੰਭਵ ਯਤਨ ਕੀਤੇ। ਚੀਨੀ ਰਾਸ਼ਟਰਪਤੀ ਨੇ ਕਿਹਾ ਕਿ 2 ਅਰਬ ਡਾਲਰ ਨਾਲ ਕੋਵਿਡ-19 ਨਾਲ ਨਜਿੱਠਣ ਦੇ ਯਤਨਾਂ ਵਿਚ, ਖਾਸਕਰ ਵਿਕਾਸਸ਼ੀਲ ਦੇਸ਼ਾਂ ਨੂੰ ਮਦਦ ਮਿਲੇਗੀ। ਡਬਲਯੂ. ਐਚ. ਓ. ਨੇ 30 ਜਨਵਰੀ ਨੂੰ ਕੋਰੋਨਾਵਾਇਰਸ ਨੂੰ ਵਿਸ਼ਵਵਿਆਪੀ ਸਿਹਤ ਐਮਰਜੈਂਸੀ ਦਾ ਐਲਾਨ ਕੀਤਾ ਸੀ। ਡਬਲਯੂ. ਐਚ. ਓ. ਨੇ ਇਸ ਵਾਇਰਸ ਨੂੰ ਕਈ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ 11 ਮਾਰਚ ਨੂੰ ਇਸ ਨੂੰ ਮਹਾਮਾਰੀ ਘੋਸ਼ਿਤ ਕੀਤਾ ਸੀ ਅਤੇ ਇਸ ਤੋਂ ਬਾਅਦ ਦੱਖਣੀ ਕੋਰੀਆ, ਇਟਲੀ, ਈਰਾਨ ਅਤੇ ਹੋਰ ਥਾਂਵਾਂ 'ਤੇ ਇਹ ਵਾਇਰਸ ਵਿਆਪਕ ਪੈਮਾਨੇ 'ਤੇ ਫੈਲਿਆ।

Khushdeep Jassi

This news is Content Editor Khushdeep Jassi