ਚੀਨ : ਵਾਟਰ ਪਾਰਕ ਦੀ ਵੇਵ ਮਸ਼ੀਨ 'ਚ ਆਈ ਸੁਨਾਮੀ, ਕਰੀਬ 44 ਲੋਕ ਜ਼ਖਮੀ

08/01/2019 11:16:34 AM

ਬੀਜਿੰਗ (ਬਿਊਰੋ)— ਗਰਮੀ ਦੇ ਮੌਸਮ ਵਿਚ ਵਾਟਰ ਪਾਰਕ ਵਿਚ ਮਸਤੀ ਕਰਨਾ ਹਰ ਕਿਸੇ ਨੂੰ ਚੰਗਾ ਲੱਗਦਾ ਹੈ। ਕਈ ਵਾਰ ਇੱਥੇ ਛੋਟੇ-ਵੱਡੇ ਹਾਦਸੇ ਵੀ ਵਾਪਰ ਜਾਂਦੇ ਹਨ। ਤਾਜ਼ਾ ਮਾਮਲਾ ਚੀਨ ਦੇ ਸ਼ੁਈਯਾਨ ਵਾਟਰ ਪਾਰਕ ਦਾ ਹੈ, ਜਿੱਥੇ ਐਤਵਾਰ ਨੂੰ ਵੇਵ ਮਸ਼ੀਨ ਵਿਚ ਖਰਾਬੀ ਆਉਣ ਕਾਰਨ ਸੁਨਾਮੀ ਜਿਹੀ ਲਹਿਰ ਪੈਦਾ ਹੋ ਗਈ। ਕਰੀਬ 10 ਫੁੱਟ ਉੱਚੀਆਂ ਲਹਿਰਾਂ ਉੱਠਣ ਕਾਰਨ ਘੱਟੋ-ਘੱਟੇ 44 ਲੋਕ ਜ਼ਖਮੀ ਹੋ ਗਏ। ਕਈ ਲੋਕਾਂ ਦੇ ਹੱਥਾਂ-ਪੈਰਾਂ ਵਿਚ ਗੰਭੀਰ ਸੱਟਾਂ ਲੱਗੀਆਂ।

ਜਾਣਕਾਰੀ ਮੁਤਾਬਕ ਹਾਦਸਾ ਲੋਕਪ੍ਰਿਅ ਟੂਰਿਸਟ ਰਿਜੋਰਟ ਦੇ ਵਾਟਰ ਪਾਰਕ ਵਿਚ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਵੇਵ ਮਸ਼ੀਨ ਵਿਚ ਖਰਾਬੀ ਕਾਰਨ ਹਾਦਸਾ ਵਾਪਰਿਆ। ਇਸ ਹਾਦਸੇ ਲਈ ਕੋਈ ਵੀ ਕਰਮਚਾਰੀ ਜ਼ਿੰਮੇਵਾਰ ਨਹੀਂ ਹੈ। ਮਸ਼ੀਨ ਦਾ ਸੰਚਾਲਨ ਕਰਨ ਵਾਲਾ ਕੋਈ ਵੀ ਕਰਮਚਾਰੀ ਨਸ਼ੇ ਵਿਚ ਨਹੀਂ ਸੀ। ਭਾਵੇਂਕਿ ਕੁਝ ਮੀਡੀਆ ਸੰਸਥਾਵਾਂ ਨੇ ਦਾਅਵਾ ਕੀਤਾ ਕਿ ਮਸ਼ੀਨ ਨੂੰ ਚਲਾਉਣ ਵਾਲੇ ਕਰਮਚਾਰੀ ਨਸ਼ੇ ਵਿਚ ਸਨ। 

ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਵੀਡੀਓ ਵਿਚ ਉਸ ਪਲ ਨੂੰ ਦਿਖਾਇਆ ਗਿਆ ਹੈ ਕਿ ਜਦੋਂ ਮਸ਼ੀਨ ਨੇ ਤੇਜ਼ ਲਹਿਰ ਪੈਦਾ ਕਰ ਦਿੱਤੀ ਸੀ। ਇਸ ਕਾਰਨ ਪੂਲ ਵਿਚ ਸੁਨਾਮੀ ਜਿਹੀ ਵੱਡੀ ਲਹਿਰ ਪੈਦਾ ਹੋ ਗਈ ਸੀ। ਇਹ ਹਾਦਸਾ ਮਸਤੀ ਕਰ ਰਹੇ ਲੋਕਾਂ ਅਤੇ ਬੱਚਿਆਂ ਲਈ ਕਿਸੇ ਬੁਰੇ ਸੁਪਨੇ ਦੀ ਤਰ੍ਹਾਂ ਸਾਬਤ ਹੋਇਆ। ਲੋਕਾਂ ਨੂੰ ਪੂਲ ਵਿਚੋਂ ਕੱਢਣ ਲਈ ਕੁਝ ਤੈਰਾਕਾਂ ਨੂੰ ਸੱਦਿਆ ਗਿਆ। ਇਕ ਮਹਿਲਾ ਦੇ ਗੋਡਿਆਂ ਵਿਚੋਂ ਕਾਫੀ ਖੂਨ ਵੱਗ ਰਿਹਾ ਸੀ। 

ਫਿਲਹਾਲ ਵਾਟਰ ਪਾਰਕ ਬੰਦ ਕਰ ਦਿੱਤਾ ਗਿਆ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਭਾਵੇਂਕਿ ਹਾਲੇ ਇਹ ਜਾਣਕਾਰੀ ਵੀ ਹਾਸਲ ਨਹੀਂ ਹੋ ਸਕੀ ਹੈ ਕਿ ਜ਼ਖਮੀ ਲੋਕਾਂ ਨੂੰ ਟਿਕਟ ਦੇ ਪੈਸੇ ਵਾਪਸ ਕੀਤੇ ਗਏ ਹਨ ਜਾਂ ਨਹੀਂ, ਜੋ ਕਿ ਕਰੀਬ 1200 ਰੁਪਏ ਪ੍ਰਤੀ ਵਿਅਕੀ ਸੀ।

Vandana

This news is Content Editor Vandana