ਹਿਰਾਸਤ ''ਚ ਲਏ 2 ਕੈਨੇਡੀਅਨਾਂ ਨੂੰ ਛੱਡਣ ਲਈ ਚੀਨ ਨੇ ਕੈਨੇਡਾ ਸਾਹਮਣੇ ਰੱਖੀ ਇਹ ਸ਼ਰਤ

06/25/2020 3:39:25 PM

ਬੀਜਿੰਗ/ਓਟਾਵਾ— ਚੀਨ ਨੇ ਕੈਨੇਡਾ ਸਾਹਮਣੇ ਇਕ ਸ਼ਰਤ ਰੱਖੀ ਹੈ, ਇਹ ਸ਼ਰਤ ਵੀ ਉਹ ਹੈ ਜਿਸ 'ਤੇ ਪਹਿਲਾਂ ਚੀਨ ਕੈਨੇਡਾ ਨੂੰ ਇਹ ਮਾਮਲਾ ਹੁਵਾਵੇ ਕੰਪਨੀ ਦੀ ਕਾਰਜਕਾਰੀ ਮੇਂਗ ਨਾਲ ਨਾ ਜੋੜਨ ਦੀ ਚਿਤਾਵਨੀ ਦੇ ਰਿਹਾ ਸੀ। 

ਹੁਣ ਚੀਨ ਦੀ ਸਰਕਾਰ ਨੇ ਕਿਹਾ ਹੈ ਕਿ ਜੇਕਰ ਕੈਨੇਡਾ ਹੁਵਾਵੇ ਦੀ ਕਾਰਜਕਾਰੀ ਮੇਂਗ ਵਾਂਜ਼ੂ ਨੂੰ ਸਹੀ ਸਲਾਮਤ ਛੱਡਦਾ ਹੈ ਤਾਂ ਇਸ ਨਾਲ ਉਹ ਵੀ ਹਿਰਾਸਤ 'ਚ ਰੱਖੇ 2 ਕੈਨੇਡੀਅਨਾਂ ਦੀ ਰਿਹਾਈ ਦਾ ਰਸਤਾ ਖੋਲ੍ਹਣ ਦਾ ਵਿਚਾਰ ਸਕਦੀ ਹੈ। ਇਸ ਤੋਂ ਪਹਿਲਾਂ ਚੀਨ ਲਗਾਤਾਰ ਇਸ ਗੱਲ ਤੋਂ ਇਨਕਾਰ ਕਰਦਾ ਰਿਹਾ ਹੈ ਕਿ ਦੋ ਕੈਨੇਡੀਅਨਾਂ- ਸਾਬਕਾ ਡਿਪਲੋਮੈਟ ਮਾਈਕਲ ਕੋਵਰਿਗ ਅਤੇ ਕਾਰੋਬਾਰੀ ਮਾਈਕਲ ਸਪਾਇਰ ਦਾ ਮਾਮਲਾ ਕੈਨੇਡਾ 'ਚ ਗ੍ਰਿਫਤਾਰ ਹੁਵਾਵੇ ਦੀ ਮੁੱਖ ਵਿੱਤ ਅਧਿਕਾਰੀ (ਸੀ. ਐੱਫ. ਓ.) ਮੇਂਗ ਨਾਲ ਬਿਲਕੁਲ ਵੀ ਸਬੰਧਤ ਨਹੀਂ ਹੈ।
ਉੱਥੇ ਹੀ, ਚੀਨ ਇਸ ਗੱਲ ਤੋਂ ਬਿਲਕੁਲ ਪਲਟ ਗਿਆ ਹੈ। ਬੁੱਧਵਾਰ ਨੂੰ ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਨੇ ਇਨ੍ਹਾਂ ਦੋਹਾਂ ਮਾਮਲਿਆਂ ਨੂੰ ਆਪਸ ਵਿਚ ਜੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਬਦਲ ਕਾਨੂੰਨ ਦੇ ਅੰਦਰ ਹਨ ਅਤੇ ਦੋ ਕੈਨੇਡੀਅਨਾਂ ਦੀ ਸਥਿਤੀ ਦੇ ਹੱਲ ਲਈ ਰਸਤੇ ਖੁੱਲ੍ਹ ਸਕਦੇ ਹਨ। 

ਗੌਰਤਲਬ ਹੈ ਕਿ ਮੇਂਗ ਵਾਂਜ਼ੂ ਨੂੰ ਈਰਾਨ 'ਤੇ ਵਪਾਰਕ ਪਾਬੰਦੀਆਂ ਦੀ ਸੰਭਾਵਿਤ ਉਲੰਘਣਾ ਨਾਲ ਜੁੜੇ ਅਮਰੀਕਾ ਦੇ ਦੋਸ਼ਾਂ 'ਤੇ ਦਸੰਬਰ 2018 'ਚ ਵੈਨਕੁਵਰ 'ਚ ਗ੍ਰਿਫਤਾਰ ਕੀਤਾ ਗਿਆ ਸੀ। ਹੁਵਾਵੇ ਦੀ ਮੁੱਖ ਅਧਿਕਾਰੀ ਦੀ ਗ੍ਰਿਫਤਾਰੀ ਦੇ ਕੁਝ ਦਿਨਾਂ ਪਿੱਛੋਂ ਹੀ ਚੀਨ ਨੇ ਵੀ ਦੋ ਕੈਨੇਡੀਅਨਾਂ- ਸਾਬਕਾ ਡਿਪਲੋਮੈਟ ਮਾਈਕਲ ਕੋਵਰਿਗ ਅਤੇ ਕਾਰੋਬਾਰੀ ਮਾਈਕਲ ਸਪਾਇਰ ਨੂੰ ਹਿਰਾਸਤ 'ਚ ਲੈ ਲਿਆ ਸੀ, ਜਿਨ੍ਹਾਂ 'ਤੇ ਪਿਛਲੇ ਹਫਤੇ ਸ਼ੁੱਕਰਵਾਰ ਨੂੰ ਜਾਸੂਸੀ ਦੇ ਦੋਸ਼ਾਂ 'ਚ ਮੁਕੱਦਮਾ ਚਲਾਉਣ ਦੀ ਤਿਆਰੀ ਸ਼ੁਰੂ ਕੀਤੀ ਗਈ ਹੈ।


 


Sanjeev

Content Editor

Related News