ਬਾਜ ਨਹੀਂ ਆ ਰਿਹਾ ਚੀਨ, ਹੁਣ ਪੀ.ਓ.ਕੇ. ''ਚ ਲਗਾਉਣ ਜਾ ਰਿਹਾ ਵੱਡਾ ਪਾਵਰ ਪ੍ਰੋਜੈਕਟ

06/02/2020 9:13:47 PM

ਇਸਲਾਮਾਬਾਦ (ਭਾਸ਼ਾ) : ਕੋਰੋਨਾ ਵਾਇਰਸ ਸੰਕਟ 'ਚ ਚੀਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਚੀਨ ਹੁਣ ਮਕਬੂਜ਼ਾ ਕਸ਼ਮੀਰ (ਪੀ.ਓ.ਕੇ.) 'ਚ ਆਪਣੀ ਘੁਸਪੈਠ ਮਜ਼ਬੂਤ ਕਰਨ ਜਾ ਰਿਹਾ ਹੈ। ਪਾਕਿਸਤਾਨ ਦੇ ਅਖਬਾਰ ਐਕਸਪ੍ਰੈੱਸ ਟ੍ਰਿਬਿਊਨ ਮੁਤਾਬਕ ਭਾਰਤ ਦੇ ਵਿਰੋਧ ਦੇ ਬਾਵਜੂਦ ਚੀਨ ਪੀ.ਓ.ਕੇ. 'ਚ 1,124 ਮੈਗਾਵਾਟ ਦਾ ਵੱਡਾ ਪਾਵਰ ਪ੍ਰੋਜੈਕਟ ਲਗਾਉਣ ਜਾ ਰਿਹਾ ਹੈ। ਚੀਨ ਪਾਕਿਸਤਾਨ ਇਕੋਨਾਮਿਕ ਕਾਰੀਡਓਰ (ਸੀ.ਪੀ.ਈ.ਸੀ.) ਤਹਿਤ ਕੋਹਾਲਾ ਹਾਈਡ੍ਰੋ ਪਾਵਰ ਪ੍ਰੋਜੈਕਟ ਦਾ ਬਿਊਰਾ ਪ੍ਰਾਈਵੇਟ ਪਾਵਰ ਐਂਡ ਇਨਫਰਾਸਟਰਕਚਰ ਬੋਰਡ (ਪੀ.ਪੀ.ਆਈ.ਬੀ.) ਦੀ 127ਵੀਂ ਬੈਠਕ 'ਚ ਰੱਖਿਆ ਗਿਆ, ਜਿਸ ਦੀ ਅਗਵਾਈ ਊਰਜਾ ਮੰਤਰੀ ਉਮਰ ਅਯੂਬ ਨੇ ਕੀਤੀ।

ਪਾਕਿਸਤਾਨ ਨੂੰ ਘੱਟ ਕੀਮਤ 'ਤੇ ਮਿਲੇਗੀ ਬਿਜਲੀ
ਇਹ ਪਾਵਰ ਪ੍ਰੋਜੈਕਟ ਜੇਹਮਲ ਨਦੀ 'ਤ ਬਣਾਇਆ ਜਾਵੇਗਾ ਅਤੇ ਇਸ ਨਾਲ ਪਾਕਿਸਤਾਨ ਉਪਭੋਗਤਾਵਾਂ ਨੂੰ ਘੱਟ ਕੀਮਤ 'ਤੇ ਸਾਲਾਨਾ 5 ਅਰਬ ਯੂਨਿਟ ਬਿਜਲੀ ਮਿਲੇਗੀ। ਇਸ 'ਚ 2.4 ਅਰਬ ਡਾਲਰ ਦਾ ਭਾਰੀ ਨਿਵੇਸ਼ ਹੋਵੇਗਾ। 3,000 ਕਿ.ਮੀ. ਦੇ ਸੀ.ਪੀ.ਈ.ਸੀ. ਦਾ ਟੀਚਾ ਚੀਨ ਅਤੇ ਪਾਕਿਸਤਾਨ ਨੂੰ ਰੋਲ, ਰੋਡ, ਪਾਈਪ ਲਾਈਨ ਅਤੇ ਆਪਟੀਕਲ ਕੇਬਲ ਫਾਈਬਰ ਨੈੱਟਵਰਕ ਨਾਲ ਜੋੜਨਾ ਹੈ। ਇਹ ਚੀਨ ਦੇ ਸ਼ਿਨਜਿਆਂਗ ਸੂਬੇ ਨੂੰ ਪਾਕਿਸਤਾਨ ਦੇ ਗਵਾਦਰ ਪੋਰਟ ਨਾਲ ਜੋੜਦਾ ਹੈ। ਇਸ ਨਾਲ ਚੀਨ ਨੂੰ ਅਰਬ ਸਾਗਰ ਤਕ ਪਹੁੰਚ ਮਿਲਦੀ ਹੈ। ਸੀ.ਪੀ.ਈ.ਸੀ.  ਪੀ.ਓ.ਕੇ. ਤੋਂ ਲੰਘਦਾ ਹੈ, ਜਿਸ ਨੂੰ ਲੈ ਕੇ ਭਾਰਤ ਚੀਨ ਦੇ ਸਾਹਮਣੇ ਇਤਰਾਜ਼ ਦਰਜ ਕਰਵਾਉਂਦਾ ਰਿਹਾ ਹੈ। ਪਿਛਲੇ ਮਹੀਨੇ ਵੀ ਭਾਰਤ ਨੇ ਵਿਰੋਧ ਦਰਜ ਕਰਵਾਇਆ ਸੀ, ਜਦ ਪਾਕਿਸਤਾਨ ਨੇ ਗਿਲਗਿਤ, ਬਾਲੀਸਤਾਨ 'ਚ ਇਕ ਡੈਮ ਬਣਾਉਣਨ ਲਈ ਕਾਨਟ੍ਰੈਕਟ ਦਿੱਤਾ ਸੀ।

Karan Kumar

This news is Content Editor Karan Kumar