ਹਾਂਗਕਾਂਗ ਪ੍ਰਦਸ਼ਨਕਾਰੀਆਂ ਦੇ ਹੱਕ 'ਚ ਟਰੰਪ, US ਦੀ ਚੀਨ ਨਾਲ ਖੜਕੀ

11/28/2019 10:13:16 AM

ਵਾਸ਼ਿੰਗਟਨ, (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਂਗਕਾਂਗ 'ਚ ਲੋਕਤੰਤਰ ਦੀ ਮੰਗ ਲਈ ਚੱਲ ਰਹੇ ਪ੍ਰਦਰਸ਼ਨਾਂ ਦਾ ਸਮਰਥਨ ਕਰਨ ਸਬੰਧੀ ਇਕ ਬਿੱਲ 'ਤੇ ਦਸਤਖਤ ਕਰ ਦਿੱਤੇ, ਜਿਸ ਨਾਲ ਚੀਨ ਬਹੁਤ ਨਾਰਾਜ਼ ਹੈ ਅਤੇ ਉਸ ਨੇ ਅਮਰੀਕਾ ਦੇ ਖਿਲਾਫ ਜਵਾਬੀ ਕਾਰਵਾਈ ਕਰਨ ਦੀ ਧਮਕੀ ਦਿੱਤੀ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਇਸ ਦੇ ਇਰਾਦੇ ਬੇਹੱਦ ਭਿਆਨਕ ਹਨ।'' ਹਾਲਾਂਕਿ ਬਿਆਨ 'ਚ ਇਹ ਨਹੀਂ ਕਿਹਾ ਗਿਆ ਕਿ ਬੀਜਿੰਗ ਕਿਸ ਤਰ੍ਹਾਂ ਦੇ ਕਦਮ ਚੁੱਕ ਸਕਦਾ ਹੈ।

ਜ਼ਿਕਰਯੋਗ ਹੈ ਕਿ ਟਰੰਪ ਵਲੋਂ ਦਸਤਖਤ ਕੀਤੇ ਗਏ ਬਿੱਲ ਤਹਿਤ ਹਾਂਗਕਾਂਗ 'ਚ ਲੋਕਤੰਤਰ ਸਮਰਥਕਾਂ ਦੇ ਮਨੁੱਖੀ ਅਧਿਕਾਰਾਂ ਨੂੰ ਦਬਾਉਣ ਵਾਲੇ ਅਧਿਕਾਰੀਆਂ 'ਤੇ ਪਾਬੰਦੀਆਂ ਲਗਾਉਣ ਦਾ ਪ੍ਰਸਤਾਵ ਹੈ। ਅਮਰੀਕੀ ਸੰਸਦ ਦੇ ਦੋਹਾਂ ਸਦਨਾਂ 'ਚ ਇਹ ਬਿੱਲ ਪਾਸ ਹੋ ਚੁੱਕਾ ਹੈ। 'ਹਾਊਸ ਆਫ ਰੀਪ੍ਰੈਂਜ਼ੈਟੇਟਿਵ' 'ਚ ਇਸ ਬਿੱਲ ਨੂੰ 417 ਵੋਟਾਂ ਪਈਆਂ ਅਤੇ ਵਿਰੋਧ 'ਚ ਸਿਰਫ ਇਕ ਵੋਟ ਪਈ। ਉੱਥੇ ਹੀ ਸੈਨੇਟ 'ਚ ਇਹ ਬਿੱਲ ਸਰਵਸੰਮਤੀ ਨਾਲ ਪਾਸ ਹੋ ਗਿਆ।

ਹਾਂਗਕਾਂਗ ਮਨੁੱਖੀਅਧਿਕਾਰ ਅਤੇ ਲੋਕਤੰਤਰ ਐਕਟ 2019 ਸੰਯੁਕਤ ਰਾਜ-ਹਾਂਗਕਾਂਗ ਨੀਤੀ ਐਕਟ 1992 ਦੀ ਸੋਧ ਹੈ। ਟਰੰਪ ਨੇ ਇਕ ਬਿਆਨ 'ਚ ਕਿਹਾ,''ਮੈਂ ਚੀਨ ਦੇ ਰਾਸ਼ਟਰਪਤੀ ਸ਼ੀ ਅਤੇ ਹਾਂਗਕਾਂਗ ਦੀ ਜਨਤਾ ਦਾ ਸਨਮਾਨ ਕਰਦਾ ਹਾਂ ਅਤੇ ਮੈਂ ਇਸ ਬਿੱਲ 'ਤੇ ਦਸਤਖਤ ਕਰ ਰਿਹਾ ਹਾਂ।'' ਜਦਕਿ ਇਸ ਹਫਤੇ ਦੀ ਸ਼ੁਰੂਆਤ 'ਚ ਟਰੰਪ ਨੇ ਸੰਕੇਤ ਦਿੱਤਾ ਕਿ ਉਹ ਇਸ ਬਿੱਲ 'ਤੇ ਦਸਤਖਤ ਨਹੀਂ ਕਰਨਗੇ।