ਕੈਨੇਡਾ ਨੂੰ ਚੀਨ ਦਾ ਵੱਡਾ ਝਟਕਾ, ਚੌਥੇ ਨਾਗਰਿਕ ਨੂੰ ਸੁਣਾਈ ਗਈ ਮੌਤ ਦੀ ਸਜ਼ਾ

08/07/2020 3:42:34 PM

ਬੀਜਿੰਗ— ਚੀਨੀ ਤਕਨੀਕੀ ਕੰਪਨੀ ਹੁਵਾਵੇ ਦੀ ਪ੍ਰਮੁੱਖ ਕਾਰਜਕਾਰੀ ਦੀ ਗ੍ਰਿਫਤਾਰੀ ਪਿੱਛੋਂ ਪੈਦਾ ਹੋਈ ਤਿੱਖੀ ਕੜਵਾਹਟ ਤੋਂ ਬਾਅਦ ਚੀਨ ਨੇ ਦੋ ਸਾਲਾਂ ਤੋਂ ਵੀ ਘੱਟ ਸਮੇਂ 'ਚ ਨਸ਼ਿਆਂ ਦੇ ਦੋਸ਼ 'ਚ ਹੁਣ ਚੌਥੇ ਕੈਨੇਡੀਅਨ ਨਾਗਰਿਕ ਨੂੰ ਮੌਤ ਦੀ ਸਜ਼ਾ ਸੁਣਾਈ ਹੈ।

ਯੇ ਜਿਨਹੁਈ ਨੂੰ ਸ਼ੁੱਕਰਵਾਰ ਨੂੰ ਦੱਖਣੀ ਸੂਬੇ ਗੁਆਂਗਡੋਂਗ 'ਚ ਫੋਸ਼ਨ ਮਿਊਂਸੀਪਲ ਇੰਟਰਮੀਡੀਏਟ ਕੋਰਟ ਨੇ ਸਜ਼ਾ ਸੁਣਾਈ। ਕੋਰਟ ਨੇ ਇਕ ਸੰਖੇਪ ਬਿਆਨ 'ਚ ਕਿਹਾ ਕਿ ਯੇ ਨੂੰ ਨਸ਼ਿਆਂ ਦੇ ਨਿਰਮਾਣ ਅਤੇ ਟਰਾਂਸਪੋਰਟਿੰਗ ਦੇ ਦੋਸ਼ 'ਚ ਇਹ ਸਜ਼ਾ ਦਿੱਤੀ ਗਈ ਹੈ।

ਇਸ ਤੋਂ ਇਕ ਦਿਨ ਪਹਿਲਾਂ ਹੀ ਗੁਆਂਗਡੋਂਗ ਸੂਬੇ ਦੇ ਹੀ ਗਵਾਂਗਜ਼ੂ ਸ਼ਹਿਰ ਦੀ ਇਕ ਅਦਾਲਤ ਨੇ ਕੈਨੇਡੀਅਨ ਨਾਗਰਿਕ ਜ਼ੂ ਵੀਹੋਂਗ ਨੂੰ ਨਸ਼ਿਆਂ ਦੇ ਦੋਸ਼ 'ਚ ਮੌਤ ਦੀ ਸਜ਼ਾ ਸੁਣਾਈ ਸੀ।

ਗੌਰਤਲਬ ਹੈ ਕਿ ਦਸੰਬਰ 2018 'ਚ ਕੈਨੇਡਾ 'ਚ ਵੈਨਕੂਵਰ ਹਵਾਈ ਅੱਡੇ 'ਤੇ ਹੁਵਾਵੇ ਦੀ ਪ੍ਰਮੁੱਖ ਮੇਂਗ ਵਾਂਜ਼ੂ ਦੀ ਗ੍ਰਿਫਤਾਰੀ ਤੋਂ ਥੋੜ੍ਹੀ ਦੇਰ ਬਾਅਦ ਚੀਨ 'ਚ ਅਚਾਨਕ ਮੁਕੱਦਮਾ ਚਲਾ ਕੇ ਕੈਨੇਡੀਅਨ ਰਾਬਰਟ ਸ਼ੈਲਨਬਰਗ ਨੂੰ ਵੀ ਨਸ਼ਾ ਤਸਕਰੀ ਦੇ ਦੋਸ਼ 'ਚ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਸੀ। ਅਪ੍ਰੈਲ 2019 'ਚ ਕੈਨੇਡੀਅਨ ਨਾਗਰਿਕ ਫੈਨ ਵੇਈ ਨੂੰ ਬਹੁ-ਰਾਸ਼ਟਰੀ ਨਸ਼ਾ ਤਸਕਰੀ ਮਾਮਲੇ 'ਚ ਸ਼ਾਮਲ ਹੋਣ ਦੇ ਦੋਸ਼ਾਂ 'ਚ ਮੌਤ ਦੀ ਸਜ਼ਾ ਸੁਣਾਈ ਗਈ ਸੀ।

ਇੰਨਾ ਹੀ ਨਹੀਂ ਕੈਨੇਡਾ 'ਚ ਮੇਂਗ ਦੀ ਗ੍ਰਿਫਤਾਰੀ ਤੋਂ ਕੁਝ ਹਫ਼ਤਿਆਂ ਬਾਅਦ ਜਵਾਬੀ ਕਾਰਵਾਈ ਕਰਦਿਆਂ ਚੀਨ ਨੇ ਕੈਨੇਡੀਅਨ ਸਾਬਕਾ ਡਿਪਲੋਮੈਟ ਮਾਈਕਲ ਕੋਵਰਿਗ ਤੇ ਕੈਨੇਡੀਅਨ ਕਾਰੋਬਾਰੀ ਮਾਈਕਲ ਸਪੈਵਰ ਨੂੰ ਵੀ ਹਿਰਾਸਤ 'ਚ ਲੈ ਲਿਆ ਸੀ, ਜਿਨ੍ਹਾਂ 'ਤੇ ਹਾਲ ਹੀ 'ਚ ਦੋਸ਼ ਲਗਾਇਆ ਕਿ ਉਨ੍ਹਾਂ ਨੇ ਰਾਸ਼ਟਰੀ ਸੁਰੱਖਿਆ ਨਾਲ ਖਿਲਵਾੜ ਕੀਤਾ ਹੈ। ਬੀਜਿੰਗ ਦੇ ਹਾਲ ਹੀ ਦੇ ਕਦਮਾਂ ਨਾਲ ਦੋਹਾਂ ਦੇਸ਼ਾਂ ਵਿਚਕਾਰ ਦਰਾਡ਼ ਹੋਰ ਵੱਧ ਸਕਦੀ ਹੈ।


Sanjeev

Content Editor

Related News