ਕੋਰੋਨਾਵਾਇਰਸ : ਚੀਨ 'ਚ ਲੋਕਾਂ ਨੇ ਪਾਲਤੂ ਜਾਨਵਰਾਂ ਨੂੰ ਮਾਰ ਕੇ ਸੜਕ 'ਤੇ ਸੁੱਟਿਆ

02/02/2020 5:08:11 PM

ਬੀਜਿੰਗ (ਬਿਊਰੋ): ਕੋਰੋਨਾਵਾਇਰਸ ਨੂੰ ਲੈ ਕੇ ਚੀਨ ਦੋ ਲੋਕਾਂ ਵਿਚ ਕਾਫੀ ਦਹਿਸ਼ਤ ਹੈ।ਹਾਲਾਤ ਅਜਿਹੇ ਹੋ ਗਏ ਹਨ ਕਿ ਹੁਣ ਇੱਥੇ ਸੜਕਾਂ 'ਤੇ ਲੋਕਾਂ ਦੀਆਂ ਲਾਸ਼ਾਂ ਮਿਲ ਰਹੀਆਂ ਹਨ। ਰਸਤੇ ਵਿਚ ਲੋਕ ਅਚਾਨਕ ਡਿੱਗ ਰਹੇ ਹਨ । ਇਸ ਦੇ ਇਲਾਵਾ ਸਥਿਤੀ ਹੁਣ ਇੰਨੀ ਭਿਆਨਕ ਹੋ ਚੁੱਕੀ ਹੈ ਕਿ ਇੱਥੇ ਲੋਕ ਆਪਣੇ ਪਾਲਤੂ ਜਾਨਵਰਾਂ ਨੂੰ ਮਾਰ ਕੇ ਗਲੀਆਂ ਵਿਚ ਸੁੱਟ ਰਹੇ ਹਨ। ਇਕ ਅੰਗਰੇਜ਼ੀ ਏਜੰਸੀ 'ਦੀ ਸਨ' ਦੀ ਇਕ ਰਿਪੋਰਟ ਮੁਤਾਬਕ ਚੀਨ ਦੇ ਕੋਰੋਨਾਵਾਇਰਸ ਪ੍ਰਭਾਵਿਤ ਸ਼ਹਿਰਾਂ ਵਿਚ ਪਾਲਤੂ ਜਾਨਵਰਾਂ ਦੇ ਮਾਲਕਾਂ ਨੇ ਆਪਣੀਆਂ ਪਾਲਤੂ ਬਿੱਲੀਆਂ ਅਤੇ ਕੁੱਤਿਆਂ ਨੂੰ ਅਪਾਰਟਮੈਂਟ ਦੇ ਬਾਹਰ ਸੁੱਟ ਦਿੱਤਾ। ਇਹਨਾਂ ਦੀਆਂ ਲਾਸ਼ਾਂ ਮਿਲੀਆਂ ਹਨ। 

ਲੋਕਾਂ ਨੇ ਅਜਿਹਾ ਸਿਰਫ ਇਸ ਆਧਾਰ 'ਤੇ ਕੀਤਾ ਕਿਉਂਕਿ ਅਜਿਹਾ ਦਾਅਵਾ ਕੀਤਾ ਗਿਆ ਸੀ ਕਿ ਪਾਲਤੂ ਜਾਨਵਰਾਂ ਨਾਲ ਵੀ ਕੋਰੋਨਾਵਾਇਰਸ ਫੈਲ ਰਿਹਾ ਹੈ। ਏਜੰਸੀ ਦੀ ਰਿਪੋਰਟ ਮੁਤਾਬਕ ਚੀਨ ਦੇ ਹੁਬੇਈ ਸੂਬੇ ਦੇ ਤਿਆਨਜਿਨ ਸ਼ਹਿਰ ਵਿਚ ਫਲੈਟ ਦੇ ਬਾਹਰ ਗਲੀਆਂ ਵਿਚ ਕੁੱਤਿਆਂ ਦੀਆਂ ਲਾਸ਼ਾਂ ਪਾਈਆਂ ਗਈਆਂ। ਸ਼ੰਘਾਈ ਵਿਚ ਪੰਜ ਬਿੱਲੀਆਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ।ਸਥਾਨਕ ਲੋਕਾਂ ਨੇ ਸਪੱਸ਼ਟ ਰੂਪ ਨਾਲ ਕਿਹਾ ਕਿ ਉਹ ਪਾਲਤੂ ਜਾਨਵਰ ਸਨ। 

ਇਸ ਤੋਂ ਪਹਿਲਾਂ ਚੀਨ ਦੇ ਵੁਹਾਨ ਸ਼ਹਿਰ ਵਿਚ ਅਜਿਹੇ ਮਾਮਲੇ ਆਏ ਜਿੱਥੇ ਰਾਹ ਤੁਰਦੇ ਲੋਕ ਅਚਾਨਕ ਡਿੱਗ ਪਏ ਅਤੇ ਉਹਨਾਂ ਦੀ ਮੌਤ ਹੋ ਗਈ। ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਈਕਲ ਚਲਾਉਂਦੇ ਹੋਏ ਸ਼ਖਸ ਦੀ ਮੌਤ ਕੋਰੋਨਾਵਾਇਰਸ ਕਾਰਨ ਹੋਈ ਕਿਉਂਕਿ ਕਈ ਦਿਨਾਂ ਤੋਂ ਕੁਝ ਲੋਕ ਇੰਝ ਹੀ ਮਰ ਰਹੇ ਹਨ। ਇਹ ਬਹੁਤ ਹੀ ਭਿਆਨਕ ਸਥਿਤੀ ਹੈ। ਚੀਨ ਵਿਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 300 ਦੇ ਪਾਰ ਪਹੁੰਚ ਚੁੱਕੀ ਹੈ। ਬੀਤੇ 24 ਘੰਟਿਆਂ ਵਿਚ ਵਾਇਰਸ ਨਾਲ ਇਨਫੈਕਟਿਡ 45 ਲੋਕਾਂ ਦੀ ਮੌਤ ਹੋ ਗਈ। ਜਦਕਿ 12 ਹਜ਼ਾਰ ਤੋਂ ਵੱਧ ਲੋਕ ਪੀੜਤ ਹਨ। ਵਾਇਰਸ ਨੇ ਹੁਣ ਮਹਾਮਾਰੀ ਦਾ ਰੂਪ ਲੈ ਲਿਆ ਹੈ। ਉੱਧਰ ਵਿਸ਼ਵ ਸਿਹਤ ਸੰਗਠਨ ਨੇ ਇਸ ਸਥਿਤੀ ਨੂੰ ਅੰਤਰਰਾਸ਼ਟਰੀ ਸਿਹਤ ਐਮਰਜੈਂਸੀ ਐਲਾਨਿਆ ਹੈ। ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੁੰਦਾ ਜਾ ਰਿਹਾ ਹੈ।

Vandana

This news is Content Editor Vandana