ਭਾਰਤ ਦੇ ਨਾਲ ਵਪਾਰ ਅਸੰਤੁਲਨ ਨੂੰ ਹੱਲ ਕਰਨ ਦੀ ਇੱਛਾ ਰੱਖਦਾ ਹੈ ਚੀਨ : ਨਵਾਂ ਰਾਜਦੂਤ

07/20/2019 5:04:35 PM

ਬੀਜਿੰਗ — ਚੀਨ ਨੇ ਕਿਹਾ ਹੈ ਕਿ ਉਹ ਦੁਵੱਲੇ ਵਪਾਰ ਅਸੰਤੁਲਨ ਨਾਲ ਜੁੜੀ ਭਾਰਤ ਦੀਆਂ ਚਿੰਤਾਵਾਂ ਦਾ ਆਦਰ ਕਰਦਾ ਹੈ ਅਤੇ ਇਸ ਮੁੱਦੇ ਦੇ ਹੱਲ ਲਈ ਨਵੇਂ ਦ੍ਰਿਸ਼ਟੀਕੋਣ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ। ਅਮਰੀਕਾ ਨਾਲ ਵਪਾਰ ਜੰਗ ਦਾ ਸਾਹਮਣਾ ਕਰ ਰਹੇ ਚੀਨ ਨੇ ਇਕ ਪਾਸੜ ਅਤੇ ਸੁਰੱਖਿਆਵਾਦ ਦੇ ਖਿਲਾਫ ਉਸਦੀ ਲੜਾਈ ਵਿਚ ਭਾਰਤ ਕੋਲੋਂ ਸਹਿਯੋਗ ਲਈ ਕਿਹਾ ਹੈ। ਭਾਰਤ ਲੰਮੇ ਸਮੇਂ ਤੋਂ ਚੀਨ 'ਤੇ ਆਪਣੇ ਦਵਾਈ ਬਜ਼ਾਰ ਨੂੰ ਭਾਰਤੀ ਦਵਾਈ ਨਿਰਯਾਤਕਾਂ ਲਈ ਖੋਲ੍ਹਣ ਨੂੰ ਲੈ ਕੇ ਦਬਾਅ ਬਣਾਉਂਦਾ ਰਿਹਾ ਹੈ ਤਾਂ ਜੋ ਦੋਵਾਂ ਦੇਸ਼ਾਂ ਵਿਚਕਾਰ ਵਧਦੇ ਵਪਾਰ ਘਾਟੇ ਨੂੰ ਪੂਰਾ ਕਰਨ 'ਚ ਮਦਦ ਮਿਲੇ। 
ਜ਼ਿਕਰਯੋਗ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਦਾ ਵਪਾਰ ਘਾਟਾ ਵਧ ਕੇ 57 ਅਰਬ ਡਾਲਰ ਹੋ ਗਿਆ। ਭਾਰਤ ਵਿਚ ਚੀਨ ਦੇ ਨਵੇਂ ਰਾਜਦੂਤ ਸੁਨ ਵੇਈਡਾਂਗ ਨੇ ਕਿਹਾ,'ਚੀਨ ਵਪਾਰ ਅਸੰਤੁਲਨ 'ਤੇ ਭਾਰਤੀ ਚਿੰਤਾਵਾਂ ਦਾ ਆਦਰ ਕਰਦਾ ਹੈ। ਪਰ ਕਹਿਣਾ ਚਾਹਾਂਗਾ ਕਿ ਅਸੀਂ ਜਾਣਬੂਝ ਕੇ ਅਜਿਹਾ ਨਹੀਂ ਕੀਤਾ ਹੈ।' ਸੁਨ ਨੇ ਕਿਹਾ ਕਿ ਚੀਨ 'ਚ ਭਾਰਤ ਤੋਂ ਚਾਵਲ ਅਤੇ ਖੰਡ ਦੇ ਆਯਾਤ ਨੂੰ ਵਧਾਉਣ ਲਈ ਕਦਮ ਚੁੱਕੇ ਗਏ ਹਨ। ਇਸ ਦੇ ਨਾਲ ਹੀ ਭਾਰਤੀ ਦਵਾਈਆਂ ਅਤੇ ਖੇਤੀਬਾੜੀ ਉਤਪਾਦਾਂ ਦੀ ਮਨਜ਼ੂਰੀ ਲਈ ਸਮੀਖਿਆ ਦੀ ਪ੍ਰਕਿਰਿਆ ਦੀ ਗਤੀ ਤੇਜ਼ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਹਾਲੀਆ ਅੰਕੜਿਆਂ ਦੇ ਮੁਤਾਬਕ ਚੀਨ ਵਲੋਂ ਭਾਰਤੀ ਸਮਾਨਾਂ ਦਾ  ਆਯਾਤ 15 ਫੀਸਦੀ ਵਧਿਆ ਹੈ ਅਤੇ ਚੀਨ ਦੇ ਬਜ਼ਾਰਾਂ 'ਚ ਭਾਰਤੀ ਸਮਾਨਾਂ ਨੂੰ ਜ਼ਿਆਦਾ ਸਥਾਨ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਲੋਂ ਖੇਤੀਬਾੜੀ ਉਤਪਾਦਾਂ ਦਾ ਨਿਰਯਾਤ ਪਿਛਲੇ ਸਾਲ ਦੁੱਗਣਾ ਤੱਕ ਵਧਿਆ ਹੈ।