UN 'ਚ ਕਸ਼ਮੀਰ ਮੁੱਦੇ 'ਤੇ ਚੀਨ-ਪਾਕਿ ਨੂੰ ਝਟਕਾ, ਭਾਰਤ ਨੇ ਦਿੱਤਾ ਕਰਾਰਾ ਜਵਾਬ

01/16/2020 7:43:12 PM

ਨਿਊਯਾਰਕ- ਚੀਨ ਨੇ ਬੁੱਧਵਾਰ ਨੂੰ ਇਕ ਵਾਰ ਮੁੜ ਪਾਕਿਸਤਾਨ ਦਾ ਸਾਥ ਦਿੰਦੇ ਹੋਏ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਵਿਚ ਕਸ਼ਮੀਰ ਦਾ ਮੁੱਦਾ ਚੁੱਕਿਆ ਹੈ। ਹਾਲਾਂਕਿ ਇਸ ਕੋਸ਼ਿਸ਼ ਨੂੰ ਜ਼ੋਰ ਦਾ ਝਟਕਾ ਲੱਗਿਆ ਹੈ ਕਿਉਂਕਿ ਮੈਂਬਰ ਦੇਸ਼ਾਂ ਨੇ ਇਸ ਨੂੰ ਦੋ-ਪੱਖੀ ਮੁੱਦਾ ਦੱਸਿਆ। ਚੀਨ ਨੇ ਕਸ਼ਮੀਰ ਦੇ ਮੁੱਦੇ 'ਤੇ ਬੰਦ ਕਮਰੇ ਵਿਚ ਗੱਲਬਾਤ ਕੀਤੀ ਪਰ ਭਾਰਤ ਦੇ ਡਿਪਲੋਮੈਟਿਕ ਸਹਿਯੋਗੀ ਵਿਸ਼ੇਸ਼ ਰੂਪ ਨਾਲ ਅਮਰੀਕਾ ਤੇ ਫਰਾਂਸ ਨੇ ਇਸ ਨੂੰ ਖਾਰਿਜ ਕਰ ਦਿੱਤਾ ਹੈ।

ਇਸ ਮਾਮਲੇ ਵਿਚ ਭਾਰਤ ਦੇ ਰਾਜਦੂਤ ਤੇ ਸੰਯੁਕਤ ਰਾਸ਼ਟਰ ਵਿਚ ਸਥਾਈ ਮੈਂਬਰ ਸਈਅਦ ਅਕਬਰੂਦੀਨ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਨਾ ਤਾਂ ਪਾਕਿਸਤਾਨ ਦੇ ਪ੍ਰਤੀਨਿਧੀਆਂ ਵਲੋਂ ਪੇਸ਼ ਕੀਤੀ ਗਈ ਚਿੰਤਾਜਨਕ ਤਸਵੀਰ ਸਹੀ ਮਿਲੀ ਅਤੇ ਸੰਯੁਕਤ ਰਾਸ਼ਟਰ ਦੇ ਮੰਚ 'ਤੇ ਪਾਕਿਸਤਾਨ ਦੇ ਵੱਖ-ਵੱਖ ਪ੍ਰਤੀਨਿਧੀਆਂ ਵਲੋਂ ਵਾਰ-ਵਾਰ ਲਗਾਏ ਗਏ ਬੇਬੁਨਿਆਦ ਦੋਸ਼ ਵੀ ਭਰੋਸੇਯੋਗ ਨਹੀਂ ਪਾਏ ਗਏ।

ਅਕਬਰੂਦੀਨ ਨੇ ਕਿਹਾ ਕਿ ਜਿਹਨਾਂ ਲੋਕਾਂ ਨੇ ਕਸ਼ਮੀਰ ਦਾ ਮੁੱਦਾ ਚੁੱਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਸੰਯੁਕਤ ਰਾਸ਼ਟਰ ਵਿਚ ਝਟਕਾ ਲੱਗਿਆ। ਉਹਨਾਂ ਦਾ ਇਸ਼ਾਰਾ ਚੀਨ ਵੱਲ ਸੀ, ਜਿਸ ਨੇ ਗਲੋਬਲ ਸੰਗਠਨ ਦੇ ਸਾਹਮਣੇ ਦੂਜੀ ਵਾਰ ਕਸ਼ਮੀਰ ਦਾ ਮੁੱਦਾ ਚੁੱਕਿਆ। ਪਿਛਲੇ ਸਾਲ ਪੰਜ ਅਗਸਤ ਨੂੰ ਭਾਰਤ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਵਾਲੀ ਧਾਰਾ 370 ਨੂੰ ਹਟਾ ਦਿੱਤਾ ਸੀ। ਜਿਸ ਤੋਂ ਬਾਅਦ ਤੋਂ ਹੀ ਪਾਕਿਸਤਾਨ ਬੌਖਲਾਇਆ ਹੋਇਆ ਹੈ। ਉਹ ਖੁਦ ਤੇ ਆਪਣੇ ਸਹਿਯੋਗੀ ਚੀਨ ਦੇ ਰਾਹੀਂ ਦੁਨੀਆ ਦਾ ਧਿਆਨ ਕਸ਼ਮੀਰ ਵੱਲ ਲਿਜਾਣ ਦੀ ਕੋਸ਼ਿਸ਼ ਕਰਦਾ ਰਿਹਾ ਹੈ।

ਰਸਮੀ ਸਲਾਹ ਦੇ ਨਤੀਜੇ ਨਾਲ ਸਬੰਧਿਤ ਇਕ ਪ੍ਰਸ਼ਨ ਦੇ ਜਵਾਬ ਵਿਚ ਅਕਬਰੂਦੀਨ ਨੇ ਕਿਹਾ ਕਿ ਨਤੀਜਾ ਸਾਡੀ ਇੱਛਾ ਮੁਤਾਬਕ ਆਉਣ ਦੀ ਉਮੀਦ ਹੈ। ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਕਈ ਦੋਸਤਾਂ ਨੇ ਦੱਸਿਆ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਦੋ-ਪੱਖੀ ਤੰਤਰ ਮੌਜੂਦ ਹੈ, ਜਿਥੇ ਦੋਵੇਂ ਆਪਣੇ ਮੁੱਦੇ ਚੁੱਕ ਸਕਦੇ ਹਨ। ਝੂਠੇ ਬਹਾਨਿਆਂ ਦੀ ਵਰਤੋਂ ਕਰਨ ਦੀ ਪਾਕਿਸਤਾਨ ਦੀ ਪ੍ਰਥਾ ਇਹ ਦਿਖਾਉਂਦੀ ਹੈ ਕਿ ਉਸ ਨੇ ਇਕ ਵਾਰ ਮੁੜ ਉਹੀ ਪੁਰਾਣੀ ਚਾਲ ਚੱਲੀ ਹੈ।

ਉਹਨਾਂ ਨੇ ਉਮੀਦ ਜਤਾਈ ਕਿ ਪਾਕਿਸਤਾਨ ਨੂੰ ਅੱਜ ਜੋ ਕਰਾਰਾ ਝਟਕਾ ਲੱਗਿਆ ਹੈ ਉਹ ਉਸ ਤੋਂ ਸਬਕ ਲਵੇਗਾ ਤੇ ਭਾਰਤ ਦੇ ਨਾਲ ਆਪਣੇ ਸਬੰਧਾਂ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕਰੇਗਾ। ਅਕਬਰੂਦੀਨ ਨੇ ਆਪਣੇ ਅਧਿਕਾਰਿਤ ਟਵਿੱਟਰ 'ਤੇ ਲਿਖਿਆ ਕਿ ਅੱਜ ਸੰਯੁਕਤ ਰਾਸ਼ਟਰ ਵਿਚ ਸਾਡਾ ਝੰਡਾ ਉੱਚਾ ਲਹਿਰਾ ਰਿਹਾ ਹੈ। ਜਿਹਨਾਂ ਲੋਕਾਂ ਨੇ ਝੂਠ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਸਾਡੇ ਦੋਸਤਾਂ ਨੇ ਕਰਾਰਾ ਜਵਾਬ ਦਿੱਤਾ। ਇਸੇ ਵਿਚਾਲੇ ਫਰਾਂਸ ਦੇ ਡਿਪਲੋਮੈਟਿਕ ਸੂਤਰਾਂ ਨੇ ਕਿਹਾ ਸੀ ਕਿ ਉਹਨਾਂ ਦੇ ਦੇਸ਼ ਦਾ ਰਵੱਈਆ ਸਪੱਸ਼ਟ ਹੈ ਕਿ ਪਾਕਿਸਤਾਨ ਤੇ ਭਾਰਤ ਨੂੰ ਆਪਣੇ ਮੁੱਦੇ ਦੋ-ਪੱਖੀ ਤਰੀਕੇ ਨਾਲ ਹੱਲ ਕਰਨੇ ਚਾਹੀਦੇ ਹਨ। 

Baljit Singh

This news is Content Editor Baljit Singh