ਚੀਨ ਨੇ ਅਲੀਬਾਬਾ ਦੇ 'ਜੈਕ ਮਾ' ਨੂੰ ਦੱਸੀ ਉਸ ਦੀ ਹੈਸੀਅਤ

01/31/2021 12:11:24 PM

ਬੀਜਿੰਗ (ਬਿਊਰੋ): ਚੀਨੀ ਬਿਜ਼ਨੈੱਸ ਟਾਈਕੂਨ ਜੈਕ ਮਾ ਦਾ ਪਿਛਲੇ ਸਾਲ ਅਕਤੂਬਰ ’ਚ ਅਚਾਨਕ ਲਾਪਤਾ ਹੋ ਜਾਣਾ ਅਤੇ ਉਸ ਦੇ ਬਾਅਦ ਚੀਨ ਦੀ ਸੀ. ਪੀ. ਸੀ. ’ਤੇ ਸਵਾਲ ਉੱਠਣਾ, ਦੁਨੀਆ ਭਰ ’ਚ ਜੈਕ ਮਾ ਨੂੰ ਲੈ ਕੇ ਅਫਵਾਹਾਂ ਦਾ ਬਾਜ਼ਾਰ ਗਰਮ ਹੋਣਾ ਅਤੇ ਫਿਰ ਸਾਢੇ ਤਿੰਨ ਮਹੀਨਿਆਂ ਦੇ ਬਾਅਦ ਜੈਕ ਮਾ ਦਾ ਅਚਾਨਕ ਟੈਲੀਵਿਜ਼ਨ ’ਤੇ ਆ ਜਾਣਾ ਅਤੇ ਦਿਹਾਤੀ ਅਧਿਆਪਕਾਂ ਨੂੰ ਸੰਦੇਸ਼ ਦੇਣਾ ਕਿਸੇ ਚੀਨੀ ਡਰਾਮੇ ਤੋਂ ਘੱਟ ਨਹੀਂ ਹੈ। ਆਪਣੇ 50 ਸੈਕੰਡ ਦੇ ਛੋਟੇ ਜਿਹੇ ਭਾਸ਼ਣ ’ਚ ਜੈਕ ਮਾ ਨੇ ਚੀਨ ਦੇ ਪਿੰਡਾਂ ’ਚ ਪੜ੍ਹਾਉਣ ਵਾਲੇ 100 ਅਧਿਆਪਕਾਂ ਨੂੰ ਸੰਬੋਧਨ ਕੀਤਾ ਸੀ। ਇਸ ਦੌਰਾਨ ਜੈਕ ਉਤਸ਼ਾਹਿਤ ਨਜ਼ਰ ਨਹੀਂ ਆ ਰਹੇ ਸੀ ਜਿਵੇਂ ਕਿ ਉਹ ਅਕਸਰ ਨਜ਼ਰ ਆਉਂਦੇ ਹਨ। ਇਸ ਦੌਰਾਨ ਉਨ੍ਹਾਂ ਨੇ ਇਹ ਵੀ ਨਹੀਂ ਦੱਸਿਆ ਕਿ ਉਹ ਇਸ ਸਮੇਂ ਕਿੱਥੇ ਹਨ।

ਹਾਲਾਂਕਿ ਇਹ ਗੱਲ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਚੀਨ ਸਰਕਾਰ ਦੀਆਂ ਆਰਥਿਕ ਨੀਤੀਆਂ ਅਤੇ ਬੈਂਕਿੰਗ ਤੰਤਰ ਦੀ ਬੁਰਾਈ ਕਰਨ ਦੇ ਕਾਰਨ ਹੀ ਜੈਕ ਮਾ ’ਤੇ ਸੀ. ਪੀ. ਸੀ. ਨੇ ਗਾਜ ਸੁੱਟੀ ਸੀ ਅਤੇ ਇਹ ਗੱਲ ਚੀਨ ਦੀ ਸਰਕਾਰ ਅਤੇ ਸੀ. ਪੀ. ਸੀ. ਨੂੰ ਚੰਗੀ ਨਹੀਂ ਲੱਗੀ ਸੀ। ਅਕਤੂਬਰ ’ਚ ਦਿੱਤੇ ਉਸ ਭਾਸ਼ਣ ਦੇ ਕਾਰਨ ਹੀ ਜੈਕ ਮਾ ਗਾਇਬ ਹੋ ਗਏ ਸਨ ਪਰ ਇਸ ਗੱਲ ਨੂੰ ਲੈ ਕੇ ਦੁਨੀਆ ਭਰ ’ਚ ਚੀਨ ਦੀ ਕਿਰਕਿਰੀ ਹੋਣ ਲੱਗੀ ਤਦ ਜਾ ਕੇ ਚੀਨ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਕਾਫੀ ਸੋਚ-ਵਿਚਾਰ ਦੇ ਬਾਅਦ ਜੈਕ ਮਾ ਨੂੰ ਨਜ਼ਰਬੰਦੀ ਤੋਂ ਬਾਹਰ ਲਿਆਂਦਾ ਗਿਆ।

ਜਿਵੇਂ ਹੀ ਜੈਕ ਮਾ ਨੇ ਚੀਨ ਸਰਕਾਰ ਦੀਆਂ ਆਰਥਿਕ ਨੀਤੀਆਂ ਅਤੇ ਬੈਂਕ ਦੀਆਂ ਨੀਤੀਆਂ ਦੀ ਆਲੋਚਨਾ ਕਰਨੀ ਸ਼ੁਰੂ ਕੀਤੀ, ਚੀਨ ਸਰਕਾਰ ਨੇ ਵੀ ਜੈਕ ਮਾ ਨੂੰ ਸਬਕ ਸਿਖਾਉਣ ਦੀ ਪੱਕੀ ਧਾਰ ਲਈ ਅਤੇ ਪਿਛਲੇ ਸਾਲ ਨਵੰਬਰ ’ਚ ਅਲੀਬਾਬਾ ਦੀ ਆਰਥਿਕ ਸ਼ਾਖਾ ਐਂਟ ਸਮੂਹ ਦੇ ਸਾਢੇ 34 ਅਰਬ ਦੇ ਆਈ. ਪੀ. ਓ. ’ਤੇ ਰੋਕ ਲਗਾ ਦਿੱਤੀ। ਜੇਕਰ ਐਂਟ ਸਮੂਹ ਦਾ ਆਈ. ਪੀ. ਓ. ਬਾਜ਼ਾਰ ’ਚ ਉਤਰਦਾ ਤਾਂ ਉਹ ਦੁਨੀਆ ਦਾ ਸਭ ਤੋਂ ਵੱਡਾ ਆਈ. ਪੀ. ਓ. ਹੁੰਦਾ ਪਰ ਚੀਨ ਸਰਕਾਰ ਨੇ ਜੈਕ ਮਾ ਦੀ ਬਾਂਹ ਮਰੋੜ ਦਿੱਤੀ ਅਤੇ ਉਸ ਨੂੰ ਉਸ ਦੀ ਹੈਸੀਅਤ ਦੱਸ ਦਿੱਤੀ ਕਿ ਚੀਨ ’ਚ ਸੀ. ਪੀ. ਸੀ. ਤੋਂ ਵੱਡਾ ਹੋਰ ਕੋਈ ਨਹੀਂ ਹੈ ਫਿਰ ਭਾਵੇਂ ਉਹ ਬਹੁਤ ਵੱਡਾ ਬਿਜ਼ਨੈੱਸ ਟਾਈਕੂਨ ਹੀ ਕਿਉਂ ਨਾ ਹੋਵੇ। ਇਸ ਘਟਨਾ ਦੇ ਬਾਅਦ ਅਲੀਬਾਬਾ ਦੇ 140 ਅਰਬ ਡਾਲਰ ਦੇ ਸ਼ੇਅਰਾਂ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ ਕਿਉਂਕਿ ਸਰਕਾਰ ਦੇ ਨਾਲ ਵਿਰੋਧ ਦੇ ਕਾਰਨ ਨਿਵੇਸ਼ਕਾਂ ਦਾ ਯਕੀਨ ਅਲੀਬਾਬਾ ਤੋਂ ਖਤਮ ਹੋ ਗਿਆ ਹੈ। 

ਇਸ ਦੇ ਬਾਅਦ ਚੀਨ ਸਰਕਾਰ ਨੇ ਅਲੀਬਾਬਾ ਸਮੂਹ ਨੂੰ ਉਸ ਦੀ ਆਰਥਿਕ ਸ਼ਾਖਾ ਐਂਟ ਸਮੂਹ ਨਾਲੋਂ ਅਲੱਗ ਕਰਨ ਅਤੇ ਆਨਲਾਈਨ ਪੈਸਿਆਂ ਦੇ ਲੈਣ-ਦੇਣ ’ਤੇ ਰੋਕ ਲਗਾਉਣ ਦਾ ਹੁਕਮ ਵੀ ਦਿੱਤਾ।ਤੁਹਾਨੂੰ ਦੱਸ ਦਈਏ ਕਿ ਜੈਕ ਮਾ ਦੇ ਐਂਟ ਸਮੂਹ ਨੇ ਭਾਰਤ ’ਚ ਆਨਲਾਈਨ ਕੰਪਨੀ ਪੇਟੀਐੱਮ ਅਤੇ ਆਨਲਾਈਨ ਖਾਣਾ ਸਪਲਾਈ ਕਰਨ ਵਾਲੀ ਜ਼ੋਮੈਟੋ ’ਚ ਭਾਰੀ ਨਿਵੇਸ਼ ਕੀਤਾ ਹੈ। ਸੰਨ 1999 ’ਚ ਸ਼ੁਰੂ ਹੋਇਆ ਅਲੀਬਾਬਾ ਸਮੂਹ ਸਾਲ 2014 ਤਕ ਇੰਨਾ ਵੱਡਾ ਹੋ ਗਿਆ ਕਿ ਨਿਊਯਾਰਕ ਸਟਾਕ ਐਕਸਚੇਂਜ ’ਚ 25 ਅਰਬ ਡਾਲਰ ਦੀ ਕੰਪਨੀ ਦੇ ਰੂਪ ’ਚ ਇਸ ਨੇ ਥਾਂ ਬਣਾ ਲਈ। ਉਸ ਸਮੇਂ ਜੈਕ ਮਾ ਦੀ ਨਿੱਜੀ ਜਾਇਦਾਦ ਸਾਢੇ 19 ਅਰਬ ਡਾਲਰ ਦੀ ਸੀ ਅਤੇ ਜੈਕ ਮਾ ਫੋਰਬਸ ਲਿਸਟ ਦੇ ਅਨੁਸਾਰ ਚੀਨ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਸਨ।

ਹਾਲਾਂਕਿ ਜੈਕ ਮਾ ਨੂੰ ਵਾਪਸ ਲੋਕਾਂ ਦੇ ਸਾਹਮਣੇ ਪੇਸ਼ ਕਰਨ ਦੇ ਪਿੱਛੇ ਚੀਨ ਦਾ ਇਰਾਦਾ ਅਲੀਬਾਬਾ ਦੇ ਸ਼ੇਅਰਾਂ ’ਚ ਆਈ ਗਿਰਾਵਟ ਨੂੰ ਮੁੜ ਤੋਂ ਪਟੜੀ ’ਤੇ ਲਿਆਉਣ ਦਾ ਸੀ, ਅਜਿਹਾ ਥੋੜ੍ਹੀ ਦੇਰ ਦੇ ਬਾਅਦ ਹੋਇਆ ਵੀ ਜਦੋਂ ਹਾਂਗਕਾਂਗ ਸਟਾਕ ਐਕਸਚੇਂਜ ’ਚ ਅਲੀਬਾਬਾ ਦੇ ਸ਼ੇਅਰਾਂ ’ਚ 6 ਫੀਸਦੀ ਦਾ ਉਛਾਲ ਦੇਖਿਆ ਗਿਆ ਪਰ ਇਹ ਉਛਾਲ ਥੋੜ੍ਹਚਿਰਾ ਸੀ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਜੈਕ ਮਾ ਨੇ ਨਿਵੇਸ਼ਕਾਂ ’ਚ ਵਿਸ਼ਵਾਸ ਜਗਾਉਣ ਲਈ ਅਲੀਬਾਬਾ ਤੋਂ ਉੱਚ ਅਹੁਦਾ ਛੱਡ ਦਿੱਤਾ ਪਰ ਉਨ੍ਹਾਂ ਦਾ ਗਲਬਾ ਅਜੇ ਵੀ ਅਲੀਬਾਬਾ ’ਤੇ ਬਣਿਆ ਹੋਇਆ ਹੈ ਪਰ ਨਿਵੇਸ਼ਕਾਂ ’ਚ ਅਜੇ ਵੀ ਦੁਚਿੱਤੀ ਹੈ ਕਿ ਜੈਕ ਮਾ ਹੁਣ ਪਹਿਲਾਂ ਵਾਂਗ ਆਪਣਾ ਕੰਮ ਕਰਨਗੇ ਜਾਂ ਸਰਕਾਰ ਨੂੰ ਆਪਣੀਆਂ ਗੱਲਾਂ ਨਾਲ ਨਾਰਾਜ਼ ਕਰਨਗੇ। ਅਮਰੀਕੀ ਕੰਸਲਟੈਂਸੀ ਚਾਈਨਾ ਬਿਕੀ ਬੁੱਕ ਦੇ ਸੀ. ਈ. ਓ. ਲੀਲੈਂਡ ਮਿਲਰ ਅਨੁਸਾਰ ਜੈਕ ਮਾ ਦੀ ਅਸਲੀ ਸਥਿਤੀ ਕਿਹੋ ਜਿਹੀ ਹੈ, ਇਹ ਸਿਰਫ ਬੀਜਿੰਗ ਹੀ ਦੱਸ ਸਕਦਾ ਹੈ। ਮਿਲਰ ਨੇ ਅੱਗੇ ਦੱਸਿਆ ਕਿ ਇਹ ਵੀ ਅਜੇ ਸਪੱਸ਼ਟ ਨਹੀਂ ਹੈ ਕਿ ਜੈਕ ਅਜੇ ਵੀ ਨਜ਼ਰਬੰਦੀ ’ਚ ਹੈ, ਲੁਕਿਆ ਹੋਇਆ ਹੈ ਜਾਂ ਫਿਰ ਕੋਈ ਹੋਰ ਗੱਲ ਹੈ। ਇਸ ਗੱਲ ਤੋਂ ਸਾਫ ਪਤਾ ਲੱਗਦਾ ਹੈ ਕਿ ਚੀਨ ਦੀ ਸੀ. ਪੀ. ਸੀ. ਨੇ ਕਿਸ ਤਰ੍ਹਾਂ ਵੱਡੇ ਵਪਾਰੀਆਂ ਨੂੰ ਆਪਣੇ ਕਬਜ਼ੇ ’ਚ ਲਿਆ ਹੋਇਆ ਹੈ।

ਪਾਲੋ ਆਲਟੋ ’ਚ ‘ਬੇ ਸਟ੍ਰੀਟ ਕੈਪੀਟਲ ਹੋਲਡਿੰਗਸ’ ਦੇ ਸੰਸਥਾਪਕ ਅਤੇ ਨਿਰਦੇਸ਼ਕ ਵਿਲੀਅਮ ਹਸਟਨ ਨੇ ਦੱਸਿਆ ਕਿ ਉਨ੍ਹਾਂ ਨੇ ਅਲੀਬਾਬਾ ’ਚ ਆਪਣੇ ਕੁਝ ਸ਼ੇਅਰ ਵੇਚ ਦਿੱਤੇ ਅਤੇ ਨਿਵੇਸ਼ ’ਚ ਵੀ ਕਮੀ ਕਰ ਦਿੱਤੀ ਕਿਉਂਕਿ ਅਲੀਬਾਬਾ ਕੰਪਨੀ ’ਚ ਨਿਵੇਸ਼ ਕਰਨ ਦਾ ਮਾਹੌਲ ਹੁਣ ਠੀਕ ਨਹੀਂ ਹੈ। ਭਵਿੱਖ ’ਚ ਉਹ ਅਲੀਬਾਬਾ ’ਚ ਨਿਵੇਸ਼ ਕਰਨ ਤੋਂ ਪਹਿਲਾਂ ਵਿਨਿਵੇਸ਼ ਵਾਤਾਵਰਣ ਨੂੰ ਪਰਖਣਗੇ, ਤਦ ਨਿਵੇਸ਼ ਦੇ ਬਾਰੇ ’ਚ ਵਿਚਾਰ ਕਰਨਗੇ। ਹਸਟਨ ਨੇ ਅੱਗੇ ਕਿਹਾ ਕਿ ਉਹ ਜੈਕ ਮਾ ਦੀ ਬਹੁਤ ਇੱਜ਼ਤ ਕਰਦੇ ਹਨ। ਇਸ ਲਈ ਉਨ੍ਹਾਂ ਦੀ ਕੰਪਨੀ ਨੇ ਅਲੀਬਾਬਾ ’ਚ ਨਿਵੇਸ਼ ਕੀਤਾ ਸੀ ਪਰ ਹੁਣ ਪਹਿਲਾਂ ਵਰਗਾ ਮਾਹੌਲ ਨਹੀਂ ਰਿਹਾ। ਉਨ੍ਹਾਂ ਨੇ ਦੱਸਿਆ ਕਿ ਜੈਕ ਦੇ 50 ਸੈਕੰਡ ਦੇ ਟੀ. ਵੀ. ’ਤੇ ਪੇਸ਼ ਹੋਣ ਨਾਲ ਇਹ ਦਾਅਵਾ ਨਹੀਂ ਕੀਤਾ ਜਾ ਸਕਦਾ ਕਿ ਬੀਜਿੰਗ ’ਚ ਸਭ ਕੁਝ ਠੀਕ ਚੱਲ ਰਿਹਾ ਹੈ। 

ਪਿਛਲੇ ਸਾਲ ਹਸਟਨ ਨੇ ਅਲੀਬਾਬਾ ’ਚ ਆਪਣਾ ਨਿਵੇਸ਼ 8 ਫੀਸਦੀ ਤੋਂ ਘਟਾ ਕੇ 1 ਫੀਸਦੀ ਕਰ ਦਿੱਤਾ ਸੀ। ਉਨ੍ਹਾਂ ਨੇ ਦੱਸਿਆ ਕਿ ਐਂਟ ਸਮੂਹ ਦੇ ਇਨੀਸ਼ੀਅਲ ਪਬਲਿਕ ਆਫਰ ਨੇ ਉਨ੍ਹਾਂ ਦੇ ਯਕੀਨ ਨੂੰ ਝਟਕਾ ਦਿੱਤਾ ਹੈ।ਅਲੀਬਾਬਾ ਦੇ ਇਕ ਹੋਰ ਨਿਵੇਸ਼ਕ, ਫਲੋਰੀਡਾ ਦੀ ਕੰਬਰਲੈਂਡ ਐਡਵਾਈਜ਼ਰਜ਼ ਦੇ ਮੁੱਖ ਨਿਵੇਸ਼ ਅਧਿਕਾਰੀ, ਡੇਵਿਡ ਕੋਟੋਕ ਜਿਨ੍ਹਾਂ ਦੀ ਕੰਪਨੀ 4 ਅਰਬ ਡਾਲਰ ਦੀ ਹੈ, ਨੇ ਦੱਸਿਆ ਕਿ ਅਜਿਹੇ ਮਾਹੌਲ ’ਚ ਅਸੀਂ ਲੋਕ ਅਜੇ ਮਾਹੌਲ ਨੂੰ ਵੇਖ ਰਹੇ ਹਾਂ, ਅਲੀਬਾਬਾ ਐਂਟ ਆਈ. ਪੀ. ਓ. ਦੇ ਰੱਦ ਹੋਣ ਨਾਲ ਬਾਜ਼ਾਰ ’ਚ ਅਜੇ ਅਨਿਸ਼ਚਿਤਤਾ ਹੈ।

ਢੇਰ ਸਾਰੇ ਨਿਵੇਸ਼ਕਾਂ ਦੀ ਰਾਏ ਸੁਣਨ ਤੋਂ ਬਾਅਦ ਅਲੀਬਾਬਾ ਦੇ ਸ਼ੇਅਰਾਂ ਦੀ ਹਾਲਤ ਅਜੇ ਵੀ ਖਸਤਾਹਾਲ ਹੈ ਅਤੇ ਇਸ ਦੇ ਜਲਦੀ ਸੁਧਰਨ ਦੇ ਕੋਈ ਸੰਕੇਤ ਨਹੀਂ ਹਨ। ਬਰਕਲੇ ਰਿਸਰਚ ਗਰੁੱਪ ਦੇ ਪ੍ਰਮੁੱਖ ਹੈਰੀ ਬ੍ਰਾਡਮੈਨ ਨੇ ਕਿਹਾ ਕਿ ਜੇਕਰ ਬੀਜਿੰਗ ’ਚ ਵਪਾਰ ਦੀ ਜ਼ਰਾ ਜਿੰਨੀ ਵੀ ਸਮਝ ਹੈ ਤਾਂ ਉਹ ਭਵਿੱਖ ’ਚ ਜੈਕ ਮਾ ਦੇ ਨਾਲ ਅਜਿਹਾ ਵਿਵਹਾਰ ਨਹੀਂ ਕਰੇਗਾ ਜੋ ਚੀਨ ਨੂੰ ਕਰੋੜਾਂ ਡਾਲਰ ਕਮਾ ਕੇ ਦੇ ਰਿਹਾ ਹੈ।ਇਨ੍ਹਾਂ ਸਾਰੀਆਂ ਗੱਲਾਂ ਤੋਂ ਸਥਿਤੀ ਸਾਫ ਹੈ ਕਿ ਚੀਨ ਨੇ ਪਹਿਲਾਂ ਆਪਣੇ ਪੈਰਾਂ ’ਤੇ ਕੁਹਾੜੀ ਮਾਰੀ ਸੀ, ਉਸ ਗਲਤੀ ਨੂੰ ਸਹੀ ਕਰਨ ਲਈ ਸੀ. ਪੀ. ਸੀ. ਨੇ ਜੈਕ ਮਾ ਨੂੰ ਪਹਿਲਾਂ ਟੀ. ਵੀ. ’ਤੇ ਲੋਕਾਂ ਦੇ ਸਾਹਮਣੇ ਉਤਾਰਿਆ ਪਰ ਜੋ ਨੁਕਸਾਨ ਸ਼ੇਅਰ ਬਾਜ਼ਾਰ ਨੂੰ ਹੋਇਆ ਅਤੇ ਨਿਵੇਸ਼ਕਾਂ ਦਾ ਟੁੱਟਿਆ ਵਿਸ਼ਵਾਸ ਜਲਦੀ ਪਰਤਣ ਦੇ ਕੋਈ ਆਸਾਰ ਫਿਲਹਾਲ ਨਜ਼ਰ ਨਹੀਂ ਆ ਰਹੇ ਹਨ।

ਨੋਟ- ਚੀਨ ਨੇ ਅਲੀਬਾਬਾ ਦੇ 'ਜੈਕ ਮਾ' ਨੂੰ ਦੱਸੀ ਉਸ ਦੀ ਹੈਸੀਅਤ, ਖ਼ਬਰ ਬਾਰੇ ਆਪਣੀ ਰਾਏ ਕੁਮੈਂਟ ਬਾਕਸ ਵਿਚ ਦੱਸੋ।

Vandana

This news is Content Editor Vandana