ਚੀਨ ਆਪਣੀ ਪਰਮਾਣੂ ਸ਼ਕਤੀ ਨੂੰ ਉਮੀਦ ਨਾਲੋਂ ਤੇਜ਼ੀ ਨਾਲ ਵਧਾ ਰਿਹੈ: ਪੇਂਟਾਗਨ

11/03/2021 11:36:52 PM

ਵਾਸ਼ਿੰਗਟਨ - ਅਮਰੀਕੀ ਰੱਖਿਆ ਵਿਭਾਗ ਦੀ ਬੁੱਧਵਾਰ ਨੂੰ ਜਾਰੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਦੇ ਅਧਿਕਾਰੀਆਂ ਨੇ ਇੱਕ ਸਾਲ ਪਹਿਲਾਂ ਜੋ ਅੰਦਾਜਾ ਲਗਾਇਆ ਸੀ, ਚੀਨ ਉਸ ਤੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਆਪਣੀ ਪਰਮਾਣੂ ਸ਼ਕਤੀ ਵਿੱਚ ਵਾਧਾ ਕਰ ਰਿਹਾ ਹੈ। ਇਸ ਦੇ ਨਾਲ ਹੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚੀਨ ਦੀ ਯੋਜਨਾ ਸਦੀ ਦੇ ਮੱਧ ਤੱਕ ਅਮਰੀਕੀ ਵਿਸ਼ਵ ਸ਼ਕਤੀ ਤੱਕ ਪਹੁੰਚਣ ਜਾਂ ਉਸ ਤੋਂ ਕਿਤੇ ਅੱਗੇ ਨਿਕਲਣ ਵਿੱਚ ਸਮਰੱਥ ਹੋਣ ਦੀ ਹੈ। ਰਿਪੋਰਟ ਅਨੁਸਾਰ ਛੇ ਸਾਲ ਦੇ ਅੰਦਰ ਚੀਨੀ ਪਰਮਾਣੂ ਹਥਿਆਰਾਂ ਦੀ ਗਿਣਤੀ ਵਧਕੇ 700 ਤੱਕ ਹੋ ਸਕਦੀ ਹੈ ਅਤੇ 2030 ਤੱਕ ਇਹ ਗਿਣਤੀ 1,000 ਤੋਂ ਉੱਪਰ ਹੋ ਸਕਦੀ ਹੈ।

ਹਾਲਾਂਕਿ ਰਿਪੋਰਟ ਵਿੱਚ ਇਹ ਨਹੀਂ ਦੱਸਿਆ ਗਿਆ ਹੈ ਕਿ ਅਜੇ ਚੀਨ ਕੋਲ ਕਿੰਨੇ ਹਥਿਆਰ ਹਨ ਪਰ ਇੱਕ ਸਾਲ ਪਹਿਲਾਂ ਅਮਰੀਕੀ ਰੱਖਿਆ ਵਿਭਾਗ ਮੁੱਖ ਦਫ਼ਤਰ ਪੇਂਟਾਗਨ ਨੇ ਕਿਹਾ ਸੀ ਕਿ ਉਸ ਦੇ ਪਰਮਾਣੂ ਹਥਿਆਰਾਂ ਦੀ ਗਿਣਤੀ 200 ਤੋਂ ਘੱਟ ਹੈ ਅਤੇ ਇਸ ਸਦੀ ਦੇ ਅੰਤ ਤੱਕ ਇਸ ਦੇ ਦੁੱਗਣਾ ਹੋਣ ਦਾ ਅੰਦਾਜਾ ਹੈ। ਅਮਰੀਕਾ ਕੋਲ ਅਜੇ 3,750 ਪਰਮਾਣੂ ਹਥਿਆਰ ਹਨ ਅਤੇ ਇਸ ਨੂੰ ਵਧਾਉਣ ਦੀ ਉਸ ਦੀ ਕੋਈ ਯੋਜਨਾ ਨਹੀਂ ਹੈ। 2003 ਤੱਕ ਅਮਰੀਕਾ ਦੇ ਪਰਮਾਣੂ ਹਥਿਆਰਾਂ ਦੀ ਕੁਲ ਗਿਣਤੀ ਲੱਗਭੱਗ 10,000 ਸੀ। ਬਾਈਡੇਨ ਪ੍ਰਸ਼ਾਸਨ ਆਪਣੀ ਪਰਮਾਣੂ ਨੀਤੀ ਦੀ ਵਿਆਪਕ ਸਮੀਖਿਆ ਕਰ ਰਿਹਾ ਹੈ। ਪੇਂਟਾਗਨ ਦੀ ਇਹ ਰਿਪੋਰਟ ਦਸੰਬਰ 2020 ਤੱਕ ਇਕੱਠੀ ਕੀਤੀ ਗਈ ਜਾਣਕਾਰੀ 'ਤੇ ਆਧਾਰਿਤ ਹੈ ਅਤੇ ਇਸ ਲਈ ਇਸ ਵਿੱਚ ਜਨਰਲ ਮਾਰਕ ਮਿਲੇ ਦੀਆਂ ਉਨ੍ਹਾਂ ਚਿੰਤਾਵਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ ਜੋ ਉਨ੍ਹਾਂ ਨੇ ਪਿਛਲੇ ਮਹੀਨੇ ਚੀਨੀ ਹਾਈਪਰਸੋਨਿਕ ਹਥਿਆਰ ਟੈਸਟਾਂ ਨੂੰ ਲੈ ਕੇ ਜਤਾਈ ਸੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।  

Inder Prajapati

This news is Content Editor Inder Prajapati