ਚੀਨ ਦੀ ਜਵਾਬੀ ਕਾਰਵਾਈ, ਅਮਰੀਕਾ ਦੇ ਚੋਟੀ ਦੇ ਅਧਿਕਾਰੀਆਂ, ਨੇਤਾਵਾਂ ''ਤੇ ਲਾਈ ਵੀਜ਼ਾ ਪਾਬੰਦੀ

07/13/2020 6:49:48 PM

ਬੀਜਿੰਗ (ਭਾਸ਼ਾ): ਅਮਰੀਕਾ ਵਲੋਂ ਚੀਨ ਦੇ ਕਈ ਅਧਿਕਾਰੀਆਂ ਦੇ ਖਿਲਾਫ ਕਥਿਤ ਮਨੁੱਖੀ ਅਧਿਕਾਰ ਉਲੰਘਣ ਨੂੰ ਲੈ ਕੇ ਲਗਾਈਆਂ ਗਈਆਂ ਪਾਬੰਦੀਆਂ ਤੋਂ ਬਾਅਦ ਚੀਨ ਨੇ ਜਵਾਬੀ ਕਾਰਵਾਈ ਕਰਦੇ ਹੋਏ ਸੋਮਵਾਰ ਨੂੰ ਕੁਝ ਅਮਰੀਕੀ ਚੋਟੀ ਦੇ ਅਧਿਕਾਰੀਆਂ ਤੇ ਨੇਤਾਵਾਂ 'ਤੇ ਵੀਜ਼ਾ ਪਾਬੰਦੀ ਲਗਾ ਦਿੱਤੀ ਹੈ। ਵਿਦੇਸ਼ ਮੰਤਰਾਲਾ ਦੀ ਬੁਲਾਰਨ ਹੁਆ ਚੁਨਯਿੰਗ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਅਮਰੀਕੀ ਅਧਿਕਾਰੀਆਂ ਤੇ ਨੇਤਾਵਾਂ ਦਾ ਵਤੀਰਾ ਤੇ ਉਈਗਰ ਮੁਸਲਿਮ ਵਧੇਰੇ ਗਿਣਤੀ ਸੂਬੇ ਸ਼ਿਨਜਿਆਂਗ ਦੇ ਕੁਝ ਅਧਿਕਾਰੀਆਂ ਦੇ ਖਿਲਾਫ ਵੀਜ਼ਾ ਪਾਬੰਦੀ ਨੇ ਚੀਨ-ਅਮਰੀਕਾ ਸਬੰਧਾਂ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਇਸ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਹੁਆ ਨੇ ਅਮਰੀਕਾ ਵਲੋਂ ਸ਼ਿਨਜਿਆਂਗ ਸੂਬੇ ਦੇ ਤਿੰਨ ਅਧਿਕਾਰੀਆਂ ਦੇ ਖਿਲਾਫ ਅਮਰੀਕੀ ਪਾਬੰਦੀਆਂ ਦੇ ਸਬੰਧ ਵਿਚ ਇਹ ਟਿੱਪਣੀ ਕੀਤੀ।

ਅਮਰੀਕਾ ਨੇ ਉਈਗਰ ਮੁਸਲਮਾਨਾਂ ਦੇ ਮਨੁੱਖੀ ਅਧਿਕਾਰ ਉਲੰਘਣਾ ਦੇ ਦੋਸ਼ਾਂ ਨੂੰ ਲੈ ਕੇ ਇਹ ਕਾਰਵਾਈ ਕੀਤੀ ਹੈ। ਚੀਨ ਨੇ ਅਮਰੀਕੀ ਸੈਨੇਟਰਾਂ ਮਾਰਕੋ ਰੂਬੀਓ ਤੇ ਟੇਡ ਕਰੂਜ਼ ਤੋਂ ਇਲਾਵਾ ਧਾਰਮਿਕ ਸੁਤੰਤਰਤਾ ਸਬੰਧੀ ਅਮਰੀਕੀ ਰਾਜਦੂਤ ਸੈਮੁਅਲ ਬ੍ਰਾਊਨਬੈਕ ਤੇ ਕਾਂਗਰਸ ਮੈਂਬਰ ਕ੍ਰਿਸ ਸਮਿਥ ਦੇ ਖਿਲਾਫ ਪਾਬੰਦੀ ਲਗਾਈ ਹੈ। ਇਸ ਦੇ ਨਾਲ ਹੀ ਉਸ ਨੇ ਚੀਨ ਸਬੰਧੀ ਅਮਰੀਕੀ ਕਾਂਗਰਸ ਕਾਰਜਕਾਰੀ ਕਮਿਸ਼ਨ (ਸੀ.ਈ.ਸੀ.ਸੀ.) ਦੇ ਖਿਲਾਫ ਵੀ ਪਾਬੰਦੀ ਲਗਾਈ ਹੈ। ਸੀ.ਈ.ਸੀ.ਸੀ. ਮੁਖੀ ਰੂਬੀਓ ਚੀਨ ਦੇ ਮੁੱਖ ਨਿੰਦਕ ਰਹੇ ਹਨ। ਅਮਰੀਕੀ ਅਧਿਕਾਰੀਆਂ ਦੇ ਖਿਲਾਫ ਪਾਬੰਦੀਆਂ ਦਾ ਐਲਾਨ ਕਰਦੇ ਹੋਏ ਹੁਆ ਨੇ ਕਿਹਾ ਕਿ ਸ਼ਿਨਜਿਆਂਗ ਪੂਰੀ ਤਰ੍ਹਾਂ ਚੀਨ ਦਾ ਅੰਦਰੂਨੀ ਮਾਮਲਾ ਹੈ ਤੇ ਅਮਰੀਕਾ ਨੂੰ ਇਸ ਵਿਚ ਦਖਲ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਚੀਨ ਦੀ ਸਰਕਾਰ ਆਪਣੀ ਪ੍ਰਭੂਸੱਤਾ ਦੀ ਰੱਖਿਆ ਦੇ ਨਾਲ ਹੀ ਅੱਤਵਾਦ, ਵੱਖਵਾਦ ਤੇ ਕੱਟੜਪੰਥੀ ਧਾਰਮਿਕ ਤਾਕਤਾਂ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਵਚਨਬੱਧ ਹੈ। ਹੁਆ ਨੇ ਕਿਹਾ ਕਿ ਚੀਨ ਹਾਲਾਤ ਦੇ ਆਧਾਰ 'ਤੇ ਅੱਗੇ ਕਦਮ ਚੁੱਕੇਗਾ। ਇਹ ਪਹਿਲਾ ਮੌਕਾ ਹੈ ਜਦੋਂ ਚੀਨ ਨੇ ਸ਼ਿਨਜਿਆਂਗ, ਤਿੱਬਤ ਤੇ ਹਾਲ ਵਿਚ ਹਾਂਗਕਾਂਗ ਸਬੰਧੀ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਨੂੰ ਲੈ ਕੇ ਅਮਰੀਕੀ ਪਾਬੰਦੀਆਂ ਦੇ ਜਵਾਬ ਵਿਚ ਚੋਟੀ ਦੇ ਅਮਰੀਕੀ ਨੇਤਾਵਾਂ 'ਤੇ ਪਾਬੰਦੀ ਲਾਈ ਹੈ।


Baljit Singh

Content Editor

Related News