ਚੀਨ ਨੇ ਕੈਦ ਕੀਤੀਆਂ 50 ਔਰਤਾਂ, ਵਿਰੋਧ ''ਚ ਉੱਠੀ ਆਵਾਜ

04/08/2018 11:43:18 AM

ਬੀਜਿੰਗ (ਬਿਊਰੋ)— ਹਾਲ ਹੀ ਵਿਚ ਚੀਨ ਨੇ ਸ਼ਿਨਜਿਯਾਂਗ ਸੂਬੇ ਦੇ ਘੱਟ ਗਿਣਤੀ ਉਇਗਰ ਭਾਈਚਾਰੇ ਦੀਆਂ 50 ਔਰਤਾਂ ਨੂੰ ਕੈਦ ਕਰ ਲਿਆ। ਇਸ ਮਗਰੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਗਿਲਗਿਤ-ਬਾਲਟੀਸਤਾਨ ਇਲਾਕੇ ਵਿਚ ਚੀਨ ਵਿਰੁੱਧ ਲੋਕਾਂ ਦਾ ਗੁੱਸਾ ਫੁੱਟ ਪਿਆ ਅਤੇ ਉਨ੍ਹਾਂ ਨੇ ਔਰਤਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਕਿ ਚੀਨ ਵਿਰੁੱਧ ਇਕ ਸਾਲ ਦਾ ਟਰੇਡ ਬੈਨ ਲਗਾਇਆ ਜਾਵੇ।


ਅਸਲ ਵਿਚ ਗਿਲਗਿਤ-ਬਾਲਟੀਸਤਾਨ ਅਤੇ ਸ਼ਿਨਜਿਯਾਂਗ ਸੂਬੇ ਵਿਚਕਾਰ ਡੂੰਘਾ ਇਤਿਹਾਸਿਕ, ਸੱਭਿਆਚਾਰਕ ਅਤੇ ਪਾਰਿਵਾਰਿਕ ਰਿਸ਼ਤਾ ਹੈ। ਉਇਗਰ ਭਾਈਚਾਰੇ ਦੀਆਂ ਕਈ ਔਰਤਾਂ ਨੇ ਕਸ਼ਮੀਰ ਦੇ ਗਿਲਗਿਤ ਬਾਲਟੀਸਤਾਨ ਦੇ ਮਰਦਾਂ ਨਾਲ ਵਿਆਹ ਕੀਤਾ ਹੈ। ਜਾਣਕਾਰੀ ਮੁਤਾਬਕ ਇਨ੍ਹਾਂ ਔਰਤਾਂ ਨੂੰ ਚੀਨ ਨੇ ਇਸ ਲਈ ਕੈਦ ਕੀਤਾ ਹੈ ਕਿਉਂਕਿ ਉਸ ਨੂੰ ਸ਼ੱਕ ਹੈ ਕਿ ਇਹ ਔਰਤਾਂ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋ ਸਕਦੀਆਂ ਹਨ। ਇਹ ਪਹਿਲੀ ਵਾਰੀ ਨਹੀਂ ਹੈ ਜਦੋਂ ਉਇਗਰ ਭਾਈਚਾਰੇ 'ਤੇ ਕਿਸੇ ਤਰ੍ਹਾਂ ਦਾ ਜੁਲਮ ਕੀਤਾ ਗਿਆ ਹੈ।