ਚੀਨ 'ਚ ਹੜ੍ਹ ਕਾਰਨ 16 ਲੋਕਾਂ ਦੀ ਮੌਤ, 20 ਲੱਖ ਲੋਕ ਹੋਏ ਪ੍ਰਭਾਵਿਤ

06/11/2019 3:19:52 PM

ਬੀਜਿੰਗ— ਚੀਨ 'ਚ ਆਏ ਭਿਆਨਕ ਹੜ੍ਹ ਨੇ ਕਈ ਲੋਕਾਂ ਨੂੰ ਬੇਘਰ ਕਰ ਦਿੱਤਾ ਹੈ ਅਤੇ ਲਗਭਗ 20 ਲੱਖ ਲੋਕ ਇਸ ਕਾਰਨ ਪ੍ਰਭਾਵਿਤ ਹੋਏ ਹਨ। ਤਾਜ਼ਾ ਜਾਣਕਾਰੀ ਮੁਤਾਬਕ ਇੱਥੇ 16 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਮੁਤਾਬਕ ਤੇਜ਼ ਮੀਂਹ ਕਾਰਨ ਜਿਆਂਗਸ਼ੀ ਸੂਬੇ ਦੇ 1,50,000 ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਭੇਜਿਆ ਗਿਆ। 

ਜਾਣਕਾਰੀ ਮੁਤਾਬਕ ਵੀਰਵਾਰ ਤੋਂ ਇੱਥੇ ਭਾਰੀ ਮੀਂਹ ਪੈ ਰਿਹਾ ਹੈ ਅਤੇ 9 ਸ਼ਹਿਰਾਂ 'ਚ ਹਾਲਤ ਖਰਾਬ ਹੋ ਰਹੀ ਹੈ। ਹੜ੍ਹ ਕਾਰਨ ਦੇਸ਼ ਨੂੰ ਕਾਫੀ ਵਿੱਤੀ ਨੁਕਸਾਨ ਹੋਇਆ ਹੈ। 1,37,200 ਹੈਕਟੇਅਰ ਫਸਲ ਪ੍ਰਭਾਵਿਤ ਹੋਈ ਹੈ ਜਦਕਿ 15,600 ਹੈਕਟੇਅਰ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ। ਇਸ ਤੋਂ ਇਲਾਵਾ 1,357 ਘਰ ਢਹਿ ਗਏ ਹਨ ਅਤੇ 1,063 ਘਰਾਂ ਨੂੰ ਹਲਕਾ ਨੁਕਸਾਨ ਪੁੱਜਾ ਹੈ।
ਇਕ ਅਨੁਮਾਨ ਮੁਤਾਬਕ ਦੇਸ਼ ਨੂੰ 3.73 ਬਿਲੀਅਨ ਯੁਆਨ (540 ਮਿਲੀਅਨ ਅਮਰੀਕੀ ਡਾਲਰ) ਦਾ ਭਾਰੀ ਨੁਕਸਾਨ ਝੱਲਣਾ ਪਵੇਗਾ। ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਣ ਅਤੇ ਰਾਹਤ ਕਾਰਜ ਲਈ 36 ਟੀਮਾਂ ਦੇ 716 ਫਾਇਰ ਫਾਈਟਰਜ਼ ਅਤੇ 241 ਹਥਿਆਰਬੰਦ ਪੁਲਸ ਵਾਲੇ ਲੱਗੇ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਲੋਕਾਂ ਨੂੰ ਰਾਹਤ ਸਮੱਗਰੀ ਜਿਵੇਂ ਖਾਣ ਲਈ ਸਮਾਨ, ਫੋਲਡਿੰਗ ਬੈੱਡ, ਰਜਾਈਆਂ ਅਤੇ ਬਾਂਸ ਦੇ ਮੈਟ ਵੰਡੇ ਜਾ ਰਹੇ ਹਨ।