ਚੀਨ ''ਚ ਭਿਆਨਕ ਹੜ੍ਹ, 4 ਕਰੋੜ ਲੋਕ ਪ੍ਰਭਾਵਿਤ ਤੇ 141 ਲੋਕਾਂ ਦੇ ਮਰਨ ਦਾ ਖਦਸ਼ਾ

07/14/2020 6:23:26 PM

ਬੀਜਿੰਗ (ਬਿਊਰੋ): ਚੀਨ ਇਸ ਸਮੇਂ ਸਭ ਤੋਂ ਭਿਆਨਕ ਹੜ੍ਹ ਦੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਇੱਥੇ 33 ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਚੁੱਕੀਆਂ ਹਨ। ਲੱਖਾਂ ਲੋਕ ਪ੍ਰਭਾਵਿਤ ਹਨ ਅਤੇ ਸੈਂਕੜੇ ਲਾਪਤਾ ਹਨ। ਉੱਥੇ ਦੇਸ਼ ਦੀ ਜਨਤਾ ਵਿਚ ਰਾਹਤ ਫੰਡ ਸਬੰਧੀ ਨਾਰਾਜ਼ਗੀ ਹੈ। ਲੋਕਾਂ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਇੰਨੇ ਖਤਰਨਾਕ ਹੜ੍ਹ ਦੇ ਬਾਅਦ ਜਿਹੜੀ ਰਾਹਤ ਰਾਸ਼ੀ ਦਿੱਤੀ ਗਈ ਹੈ ਉਹ ਬਹੁਤ ਘੱਟ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ 141 ਲੋਕ ਲਾਪਤਾ ਹਨ। ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ ਜਦਕਿ 4 ਕਰੋੜ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਚੁੱਕਾ ਹੈ। ਹੜ੍ਹ ਕਾਰਨ 30,000 ਤੋਂ ਵਧੇਰੇ ਘਰ ਤਬਾਹ ਹੋ ਚੁੱਕੇ ਹਨ।

74 ਫੁੱਟ ਉੱਪਰ ਆਇਆ ਝੀਲ ਦਾ ਪਾਣੀ
ਪੂਰਬੀ ਸੂਬੇ ਜਿਆਂਗਸੀ ਵਿਚ ਅਥਾਰਿਟੀਜ਼ ਨੇ ਯੁੱਧ ਪੱਧਰ 'ਤੇ ਚੇਤਾਵਨੀ ਜਾਰੀ ਕੀਤੀ ਹੈ। ਇੱਥੇ ਪਿਓਂਗਯਾਂਗ ਝੀਲ ਦਾ ਪੱਧੜ 74 ਫੁੱਟ ਉੱਪਰ ਚਲਾ ਗਿਆ ਹੈ। ਸਾਲ 1998 ਦੇ ਬਾਅਦ ਤੋਂ ਇਸ ਝੀਲ ਦੇ ਪੱਧਰ ਵਿਚ ਇੰਨਾ ਵਾਧਾ ਦੇਖਿਆ ਗਿਆ ਹੈ।

ਪਿਓਯਾਂਗ ਝੀਲ, ਚੀਨ ਵਿਚ ਤਾਜ਼ੇ ਪਾਣੀ ਦੀ ਸਭ ਤੋਂ ਵੱਡੀ ਝੀਲ ਹੈ। ਇੱਥੋਂ ਹੁਣ ਤੱਕ 400,000 ਲੋਕਾਂ ਨੂੰ ਕੱਢਿਆ ਗਿਆ ਹੈ। ਜਿਆਂਗਸੀ ਦਾ ਗੁਆਂਢੀ ਸੂਬਾ ਅਨਹੁਈ ਵੀ ਹੜ੍ਹ ਨਾਲ ਪ੍ਰਭਾਵਿਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਲੋਕਾਂ ਦੀਆਂ ਜ਼ਿੰਦਗੀਆਂ ਅਤੇ ਜਾਇਦਾਦਾਂ ਨੂੰ ਬਚਾਉਣ ਲਈ ਆਪਣੀ ਸਾਰੀ ਤਾਕਤ ਲਗਾ ਦੇਣ। 

22 ਸਾਲ ਪਹਿਲਾਂ ਬਣੇ ਸੀ ਅਜਿਹੇ ਹਾਲਾਤ
ਚੀਨ ਵਿਚ ਤੇਜ਼ ਮੀਂਹ ਨੇ ਸਭ ਕੁਝ ਬਰਬਾਦ ਕਰ ਦਿੱਤਾ ਹੈ। ਲੋਕਾਂ ਦੇ ਘਰ ਨਸ਼ਟ ਹੋ ਚੁੱਕੇ ਹਨ ਅਤੇ ਲੱਖਾਂ ਲੋਕ ਬੇਘਰ ਹਨ। ਚੀਨ ਵਿਚ ਲੋਕਾਂ ਨੇ 22 ਸਾਲ ਪਹਿਲਾਂ ਇਸ ਤਰ੍ਹਾਂ ਦੇ ਖਤਰਨਾਕ ਮੀਂਹ ਦਾ ਸਾਹਮਣਾ ਕੀਤਾ ਸੀ। ਦੇਸ਼ ਵਿਚ ਨੈਸ਼ਨਲ ਐਮਰਜੈਂਸੀ ਰਿਸਪਾਂਸ ਨੂੰ ਦੂਜੇ ਸਰਬ ਉੱਚ ਪੱਧਰ ਦਾ ਕਰ ਦਿੱਤਾ ਗਿਆ ਹੈ।

ਸਾਲ 1998 ਵਿਚ ਚੀਨ ਵਿਚ ਭਿਆਨਕ ਹੜ੍ਹ ਆਇਆ ਸੀ, ਜਿਸ ਵਿਚ 3000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਸੀ। ਸੋਮਵਾਰ ਨੂੰ ਚੀਨ ਦੇ ਜਲ ਸਰੋਤ ਮੰਤਰਾਲੇ ਨੇ 433 ਨਦੀਆਂ ਦੇ ਲਈ ਹੜ੍ਹ ਦਾ ਐਲਰਟ ਜਾਰੀ ਕੀਤਾ ਹੈ। ਇਹ ਐਲਰਟ ਜੂਨ ਤੋਂ ਹੀ ਜਾਰੀ ਹੈ ਅਤੇ 33 ਨਦੀਆਂ ਪਹਿਲਾਂ ਹੀ ਇਤਿਹਾਸਿਕ ਤੌਰ 'ਤੇ ਖਤਰਨਾਕ ਪੱਧਰ ਤੋਂ ਉੱਪਰ ਵਹਿ ਰਹਿਆਂ ਹਨ।

Vandana

This news is Content Editor Vandana