ਚੀਨੀ ਪ੍ਰਸ਼ਾਸਨ ਨੇ ਕੋਰੋਨਾਵਾਇਰਸ ''ਤੇ ਕੰਟਰੋਲ ਲਈ ਵੁਹਾਨ ਭੇਜੇ 1230 ਡਾਕਟਰ

01/25/2020 8:58:03 PM

ਬੀਜਿੰਗ- ਚੀਨ ਦੀ ਰਾਸ਼ਟਰੀ ਸਿਹਤ ਕਮੇਟੀ ਨੇ ਵੁਹਾਨ ਵਿਚ ਤੇਜ਼ੀ ਨਾਲ ਫੈਲੇ ਕੋਰੋਨਾਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ 1230 ਡਾਕਟਰਾਂ ਨੂੰ ਉਥੇ ਭੇਜਿਆ ਹੈ। ਰਾਸ਼ਟਰੀ ਸਿਹਤ ਕਮੇਟੀ ਨੇ ਵੁਹਾਨ ਵਿਚ ਤੇਜ਼ੀ ਨਾਲ ਫੈਲੇ ਵਾਇਰਸ ਦੀ ਗ੍ਰਿਫਤ ਵਿਚ ਆਏ ਮਰੀਜ਼ਾਂ ਦੇ ਇਲਾਜ ਲਈ 6 ਟੀਮਾਂ ਵਿਚ ਇਹਨਾਂ ਡਾਕਟਰਾਂ ਨੂੰ ਉਥੇ ਭੇਜਿਆ ਹੈ। ਇਸ ਤੋਂ ਇਲਾਵਾ 6 ਹੋਰ ਟੀਮਾਂ ਤਿਆਰ ਕੀਤੀਆਂ ਗਈਆਂ ਹਨ, ਜੋ ਐਸ.ਏ.ਆਰ.ਐਸ. ਤੇ ਇਬੋਲਾ ਮਹਾਮਾਰੀ ਨਾਲ ਜੂਝ ਚੁੱਕੀਆਂ ਹਨ।

ਕੇਂਦਰੀ ਅਧਿਕਾਰੀ ਵੁਹਾਨ ਦੇ ਘੱਟ ਤੋਂ ਘੱਟ 20 ਲੱਖ ਲੋਕਾਂ ਨੂੰ ਸੁਰੱਖਿਆ ਉਪਕਰਨ, ਮਾਸਕ ਤੇ ਕੱਪੜੇ ਭੇਜਣਗੇ। ਤਾਜ਼ਾਂ ਅੰਕੜਿਆਂ ਮੁਤਾਬਕ 1330 ਲੋਕ ਇਸ ਵਾਇਰਸ ਨਾਲ ਪੀੜਤ ਹਨ ਤੇ 41 ਲੋਕ ਇਸ ਕਾਰਨ ਮਾਰੇ ਗਏ ਹਨ। ਨਵੇਂ ਕੋਰੋਨਾਵਾਇਰਸ ਦੇ ਮਾਮਲੇ ਹਾਂਗਕਾਂਗ, ਤਾਈਵਾਨ, ਥਾਈਲੈਂਡ, ਜਾਪਾਨ, ਵਿਅਤਨਾਮ, ਦੱਖਣੀ ਕੋਰੀਆ, ਸਿੰਗਾਪੁਰ, ਨੇਪਾਲ, ਫਰਾਂਸ, ਅਮਰੀਕਾ ਤੇ ਆਸਟਰੇਲੀਆ ਵਿਚ ਵੀ ਦਰਜ ਕੀਤੇ ਗਏ ਹਨ। ਵਿਸ਼ਵ ਸਿਹਤ ਸੰਗਠਨ ਨੇ ਹਾਲਾਂਕਿ ਵੀਰਵਾਰ ਨੂੰ ਕਿਹਾ ਕਿ ਗਲੋਬਲ ਐਮਰਜੰਸੀ ਦਾ ਐਲਾਨ ਜਲਦੀ ਹੀ ਹੋਵੇਗਾ।

ਇਸ ਦੇ ਨਾਲ ਹੀ ਚੀਨੀ ਪ੍ਰਸ਼ਾਸਨ ਨੇ ਘਾਤਕ ਵਾਇਰਸ ਕੋਰੋਨਾ ਦੇ ਫੈਲਣ ਦੇ ਖਦਸ਼ੇ ਨੂੰ ਦੇਖਦੇ ਹੋਏ 18 ਸ਼ਹਿਰਾਂ 'ਤੇ ਯਾਤਰਾ ਪਾਬੰਦੀ ਐਲਾਨ ਦਿੱਤੀ ਹੈ, ਜਿਸ ਤੋਂ ਬਾਅਦ 5.6 ਕਰੋੜ ਦੀ ਆਬਾਦੀ ਪ੍ਰਭਾਵਿਤ ਹੈ। ਵੁਹਾਨ ਵਿਚ ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਯਾਤਰਾ ਪਾਬੰਦੀ ਵਿਚ ਜਨਤਕ ਆਵਾਜਾਈ ਸੰਪਰਕ ਤੇ ਸ਼ਹਿਰਾਂ ਨੂੰ ਜੋੜਨ ਵਾਲੀਆਂ ਸੜਕਾਂ ਸ਼ਾਮਲ ਹਨ।


Baljit Singh

Content Editor

Related News