ਚੀਨ 'ਚ ਕੋਰੋਨਾ ਵਾਇਰਸ ਕਾਰਨ ਮ੍ਰਿਤਕਾਂ ਦੀ ਗਿਣਤੀ 1000 ਤੋਂ ਪਾਰ

02/11/2020 8:06:56 AM

ਬੀਜਿੰਗ— ਚੀਨ 'ਚ ਘਾਤਕ ਕੋਰੋਨਾ ਵਾਇਰਸ ਕਾਰਨ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਮੰਗਲਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1,016 ਹੋ ਗਈ । 42 ਹਜ਼ਾਰ ਤੋਂ ਵੱਧ ਮਾਮਲਿਆਂ 'ਚ ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ। ਕੌਮੀ ਸਿਹਤ ਕਮਿਸ਼ਨ ਨੇ ਦੱਸਿਆ ਕਿ 2,478 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਵਾਇਰਸ ਦੀ ਲਪੇਟ 'ਚ ਆਏ ਲੋਕਾਂ ਦੀ ਗਿਣਤੀ 42,638 ਹੋ ਗਈ ਹੈ। ਬੀਤੇ ਦਿਨ 103 ਮੌਤਾਂ ਹੋਈਆਂ, ਜਿਨ੍ਹਾਂ 'ਚੋਂ 67 ਹੁਬੇਈ 'ਚ ਹੀ ਹੋਈਆਂ।

ਅਧਿਕਾਰੀਆਂ ਮੁਤਾਬਕ ਐਤਵਾਰ ਜਿਹੜੇ ਮਰੀਜ਼ ਹਸਪਤਾਲਾਂ 'ਚ ਲਿਆਂਦੇ ਗਏ, ਉਨ੍ਹਾਂ 'ਚੋਂ 296 ਦੀ ਹਾਲਤ ਗੰਭੀਰ ਸੀ। ਕੁਲ 6484 ਮਰੀਜ਼ਾਂ ਦੀ ਹਾਲਤ ਨੂੰ ਗੰਭੀਰ ਦੱਸਿਆ ਗਿਆ ਹੈ। ਹੁਣ ਤੱਕ 3281 ਲੋਕਾਂ ਨੂੰ ਇਲਾਜ ਪਿੱਛੋਂ ਹਸਪਤਾਲਾਂ ਤੋਂ ਛੁੱਟੀ ਮਿਲ ਗਈ ਹੈ।

ਜ਼ਿਕਰਯੋਗ ਹੈ ਕਿ ਜਾਪਾਨ ਦੇ ਜਿਸ ਕਰੂਜ਼ ਜਹਾਜ਼ 'ਚ ਲੋਕਾਂ ਨੂੰ ਕੋਰੋਨਾ ਵਾਇਰਸ ਹੋਣ ਬਾਰੇ ਪਤਾ ਲੱਗਾ ਸੀ, ਦੇ 60 ਹੋਰ ਮੁਸਾਫਰ ਇਸ ਰੋਗ ਤੋਂ ਪੀੜਤ ਪਾਏ ਗਏ ਹਨ। ਇਸ ਤਰ੍ਹਾਂ ਇਸ ਕਰੂਜ਼ ਦੇ ਹੁਣ ਤੱਕ 130 ਮੁਸਾਫਰਾਂ 'ਚ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਜਾਪਾਨ ਦੇ ਸਿਹਤ ਮੰਤਰਾਲਾ ਨੇ ਇਸ ਸਬੰਧੀ ਕੁਝ ਵੀ ਦੱਸਣ ਤੋਂ ਨਾਂਹ ਕਰ ਦਿੱਤੀ ਹੈ।