ਚੀਨ : ਕੋਰੋਨਾ ਵਾਇਰਸ ਕਾਰਨ ਹੁਣ ਤੱਕ 170 ਮੌਤਾਂ, ਭਾਰਤ ਸਮੇਤ ਦੁਨੀਆ ਭਰ 'ਚ ਦਹਿਸ਼ਤ

01/30/2020 1:12:15 PM

ਬੀਜਿੰਗ — ਚੀਨ ਦੇ ਵੁਹਾਨ 'ਚ ਫੈਲੇ ਕੋਰੋਨਾ ਵਾਇਰਸ ਕਾਰਨ ਹੁਣ ਤੱਕ ਕੁੱਲ 170 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਚੀਨ 'ਚ 1000 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਦੁਨੀਆ 'ਚ ਇਸ ਵਾਇਰਸ ਨਾਲ ਪੀੜਤ ਕੁੱਲ ਮਰੀਜ਼ਾਂ ਦੀ ਸੰਖਿਆ 7,711 ਦੇ ਪਾਰ ਪਹੁੰਚ ਗਈ ਹੈ। ਮਰਨ ਵਾਲਿਆਂ ਅਤੇ ਮਰੀਜ਼ਾਂ ਦੀ ਲਗਾਤਾਰ ਵਧ ਰਹੀ ਸੰਖਿਆ ਨੂੰ ਦੇਖਦੇ ਹੋਏ ਭਾਰਤ ਸਮੇਤ ਦੁਨੀਆ ਭਰ ਦੇ ਦੇਸ਼ ਦਹਿਸ਼ਤ 'ਚ ਆ ਗਏ ਹਨ। ਭਾਰਤ ਸਮੇਤ ਚਾਰ ਦੇਸ਼ ਬ੍ਰਿਟੇਨ, ਰੂਸ, ਇੰਡੋਨੇਸ਼ੀਆ ਅਤੇ ਮਿਆਂਮਾਰ ਨੇ ਚੀਨ ਦੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ।

 

ਦੇਸ਼ ਦੇ ਸਿਹਤ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਆਉਂਦੇ 10 ਦਿਨਾਂ ਤਕ ਇਹ ਵਾਇਰਸ ਹੋਰ ਵੀ ਵੱਧ ਜਾਏਗਾ ਅਤੇ ਵੱਡੀ ਗਿਣਤੀ ’ਚ ਲੋਕਾਂ ਦੀ ਮੌਤ ਹੋਵੇਗੀ। ਚੀਨ ਦੀ ਖਬਰ ਏਜੰਸੀ ਸਿਨਹੂਆ ਮੁਤਾਬਕ ਇਸ ਵਾਇਰਸ ਦੇ ਪੀੜਤ ਲੋਕਾਂ ਤੋਂ 1239 ਦੀ ਹਾਲਤ ਗੰਭੀਰ ਹੈ।

ਕੋਰੋਨਾ ਵਾਇਰਸ ਕੀਟਾਣੂਆਂ ਦਾ ਹੈ ਇਕ ਵੱਡਾ ਗਰੁੱਪ

ਪਤਾ ਲੱਗਾ ਹੈ ਕਿ ਕੋਰੋਨਾ ਵਾਇਰਸ ਕੀਟਾਣੂਆਂ ਦਾ ਇਕ ਵੱਡਾ ਗਰੁੱਪ ਹੈ ਪਰ ਇਸ ’ਚੋਂ ਸਿਰਫ 6 ਕੀਟਾਣੂ ਹੀ ਲੋਕਾਂ ’ਚ ਇਨਫੈਕਸ਼ਨ ਫੈਲਾ ਰਹੇ ਹਨ। ਜਿਸ ਵਿਅਕਤੀ ’ਚ ਇਨ੍ਹਾਂ ਕੀਟਾਣੂਆਂ ਦੀ ਇਹ ਇਨਫੈਕਸ਼ਨ ਪਹੁੰਚਦੀ ਹੈ, ਨੂੰ ਸ਼ੁਰੂ ’ਚ ਜ਼ੁਕਾਮ ਹੁੰਦਾ ਹੈ। ਉਸ ਤੋਂ ਬਾਅਦ ਸਰੀਰ ਨੂੰ ਬਹੁਤ ਠੰਡ ਲੱਗਦੀ ਹੈ। 2002-03 ’ਚ ਵੀ ਚੀਨ ’ਚ ਕੋਰੋਨਾ ਵਾਇਰਸ ਫੈਲਿਆ ਸੀ, ਜਿਸ ਕਾਰਣ ਚੀਨ ਅਤੇ ਹਾਂਗਕਾਂਗ ’ਚ 650 ਦੇ ਲਗਭਗ ਵਿਅਕਤੀਆਂ ਦੀ ਮੌਤ ਹੋਈ ਸੀ।

ਕੇਂਦਰੀ ਸਿਹਤ ਮੰਤਰਾਲੇ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੀਨ ਦੀ ਯਾਤਰਾ ਕਰਨ ਤੋਂ ਬਚਣ। ਭਾਰਤੀ ਹਵਾਈ ਕੰਪਨੀ ਏਅਰ ਇੰਡੀਆ ਨੇ ਦਿੱਲੀ-ਸ਼ੰਘਾਈ ਉਡਾਣ ਨੂੰ 31 ਜਨਵਰੀ ਤੋਂ 14 ਫਰਵਰੀ ਤੱਕ ਲਈ ਰੱਦ ਕਰ ਦਿੱਤਾ ਹੈ। ਇੰਡੀਗੋ ਏਅਰਲਾਈਂਸ ਨੇ ਵੀ ਬੁੱਧਵਾਰ ਨੂੰ ਐਲਾਨ ਕਰ ਦਿੱਤਾ ਸੀ ਕਿ ਇਕ ਫਰਵਰੀ ਤੋਂ ਲੈ ਕੇ 20 ਫਰਵਰੀ ਤੱਕ ਬੈਂਗਲੁਰੂ-ਹਾਂਗਕਾਂਗ ਰੂਟ ਦੀ ਫਲਾਈਟ ਅਤੇ ਦਿੱਲੀ ਤੋਂ ਚੇਂਗਦੁ ਦੀ ਹਵਾਈ ਸੇਵਾ ਰੱਦ ਰਹੇਗੀ। ਇੰਡੀਗੋ ਨੇ ਦੱਸਿਆ ਕਿ ਕੋਲਕਾਤਾ ਅਤੇ ਗੁਵਾਂਗਝੁ ਦੀ ਫਲਾਈਟ ਸੇਵਾ ਜਾਰੀ ਰਹੇਗੀ ਅਤੇ ਇਸ ਦੀ ਸਖਤੀ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ। ਏਅਰ ਇੰਡੀਆ ਅਤੇ ਇੰਡੀਗੋ ਨੇ ਕਾਕਪਿਟ ਮੈਂਬਰਾਂ ਦੇ ਦੱਖਣੀ ਪੂਰਬੀ ਏਸ਼ੀਆਈ ਦੇਸ਼ਾਂ ਦੀ ਯਾਤਰਾ ਦੇ ਦੌਰਾਨ ਐਨ-95 ਮਾਕਸ ਪਾਉਣ ਦਾ ਨਿਰਦੇਸ਼ ਦਿੱਤਾ ਹੈ।


Related News