ਚੀਨ : ਕੋਰੋਨਾ ਪ੍ਰਭਾਵਿਤ ਖੇਤਰਾਂ ''ਚ ਆਸਾਨੀ ਨਾਲ ਰਾਸ਼ਨ ਭੇਜਣ ਲਈ ਹੋਰ ਕੋਸ਼ਿਸ਼ਾਂ ਜਾਰੀ

02/24/2020 11:25:24 AM

ਬੀਜਿੰਗ— ਚੀਨ ਜਾਨਲੇਵਾ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਖੇਤਰਾਂ 'ਚ ਜ਼ਰੂਰੀ ਵਸਤਾਂ ਦੀ ਸਪਲਾਈ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਵਣਜ ਮੰਤਰਾਲੇ ਵਲੋਂ ਜਾਰੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਸਥਾਨਕ ਵਣਜ ਵਿਭਾਗਾਂ ਨੂੰ ਹੁਬੇਈ ਸੂਬੇ ਅਤੇ ਵੂਹਾਨ ਸ਼ਹਿਰ 'ਚ ਰੋਜ਼ਾਨਾ ਦੀ ਜ਼ਰੂਰਤ ਦੇ ਰਾਸ਼ਨ ਉਪਲੱਬਧ ਕਰਾਉਣ ਲਈ ਸਪਲਾਈ ਨੈੱਟਵਰਕ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਚਾਹੀਦਾ ਹੈ। ਇਸ ਮੁਤਾਬਕ ਸਬਜ਼ੀਆਂ, ਮੀਟ, ਆਂਡੇ, ਦੁੱਧ ਪਦਾਰਥ, ਆਟਾ, ਤੇਲ ਸਣੇ ਹੋਰ ਖਾਣ ਵਾਲੇ ਸਾਮਾਨ ਦੀ ਸਪਲਾਈ ਨੂੰ ਸੁਨਿਸ਼ਚਿਤ ਕਰਨ ਲਈ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਇਸ 'ਚ ਖਰੀਦਦਾਰੀ ਦੇ ਨਵੇਂ ਉਪਾਵਾਂ 'ਤੇ ਵੀ ਜ਼ੋਰ ਦਿੱਤਾ ਗਿਆ ਹੈ ਤਾਂ ਕਿ ਕੋਰੋਨਾ ਪ੍ਰਭਾਵਿਤ ਖੇਤਰਾਂ 'ਚ ਬਿਨਾ ਸੰਪਰਕ ਦੇ ਵਸਤਾਂ ਦੀ ਖਰੀਦਦਾਰੀ ਸੰਭਵ ਹੋ ਸਕੇ।

ਇਸ ਦੇ ਇਲਾਵਾ ਬੀਜਿੰਗ, ਸ਼ਿੰਘਾਈ, ਗਵਾਂਗਡੋਂਗ, ਹੈਨਨ, ਹੁਨਾਨ, ਅਨਹੁਈ ਅਤੇ ਜਿਆਂਗਕਸੀ ਸੂਬਿਆਂ 'ਚ ਵਸਤਾਂ ਦੀ ਸਪਲਾਈ ਲਈ ਸਥਾਨਕ ਅਧਿਕਾਰੀਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਚੀਨ ਦੇ ਹੁਬੇਈ ਸੂਬੇ ਦੀ ਰਾਜਧਾਨੀ ਵੂਹਾਨ 'ਚ ਪਿਛਲੇ ਦਸੰਬਰ ਦੇ ਅਖੀਰ 'ਚ ਸਾਹਮਣੇ ਆਇਆ ਸੀ ਅਤੇ ਹੁਣ ਇਹ ਦੇਸ਼ ਦੇ 31 ਸੂਬਿਆਂ 'ਚ ਫੈਲ ਚੁੱਕਾ ਹੈ। ਚੀਨ 'ਚ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਕੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2,592 ਹੋ ਗਈ ਹੈ ਜਦਕਿ ਹੁਣ ਤਕ ਕੁੱਲ 77,150 ਲੋਕਾਂ 'ਚ ਇਸ ਵਾਇਰਸ ਦੇ ਲੱਛਣਾਂ ਦੀ ਪੁਸ਼ਟੀ ਹੋਈ ਹੈ।