ਲਾਕਡਾਊਨ ਤੋਂ ਦੁਨੀਆ ਪ੍ਰੇਸ਼ਾਨ ਪਰ ਚੀਨ ਨੇ ਬਣਾਉਣਾ ਸ਼ੁਰੂ ਕੀਤਾ ਸਭ ਤੋਂ ਵੱਡਾ ਫੁੱਟਬਾਲ ਸਟੇਡੀਅਮ

04/22/2020 1:31:15 PM

ਬੀਜਿੰਗ- ਚੀਨ ਦੇ ਵੁਹਾਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਸਾਰੀ ਦੁਨੀਆ ਦਾ ਕੰਮ ਠੱਪ ਕਰ ਦਿੱਤਾ ਹੈ ਤੇ ਦਿਨੋਂ-ਦਿਨ ਪੀੜਤਾਂ ਦੀ ਵਧਦੀ ਗਿਣਤੀ ਦੇਸ਼ਾਂ ਦੀ ਸਿਰਦਰਦੀ ਬਣਦੀ ਜਾ ਰਹੀ ਹੈ। ਅਜਿਹੇ ਵਿਚ ਚੀਨ ਨੇ ਆਪਣੇ ਵੱਡੇ ਪ੍ਰੋਜੈਕਟਾਂ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਚੀਨ ਨੇ ਲਾਕਡਾਊਨ ਵਿਚਕਾਰ ਦੁਨੀਆ ਦੇ ਸਭ ਤੋਂ ਵੱਡੇ ਫੁੱਟਬਾਲ ਸਟੇਡੀਅਮ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ ਜੋ ਕਮਲ ਦੇ ਫੁੱਲ ਦੇ ਆਕਾਰ ਵਰਗਾ ਹੈ। ਇਸ ਸਟੇਡੀਅਮ ਨੂੰ ਪ੍ਰੋਫੈਸ਼ਨਲ ਕਲੱਬ ਗਵਾਂਗਝੂ ਐਵਰਗ੍ਰਾਂਡੇ ਵਲੋਂ ਬਣਾਇਆ ਜਾ ਰਿਹਾ ਹੈ ਅਤੇ ਇਸ ਦੇ ਨਿਰਮਾਣ ਵਿਚ 13 ਹਜ਼ਾਰ ਕਰੋੜ ਰੁਪਏ ਦੀ ਲਾਗਤ ਆਵੇਗੀ। 

ਸਟੇਡੀਅਮ ਵਿਚ ਇਕੋ ਵਾਰੀ 1 ਲੱਖ ਲੋਕ ਇਕੱਠੇ ਬੈਠ ਸਕਣਗੇ ਤੇ 2022 ਤੱਕ ਇਸ ਦੇ ਤਿਆਰ ਹੋਣ ਦੀ ਆਸ ਹੈ। ਇਸ ਸਟੇਡੀਅਮ ਵਿਚ 16 ਵੀ. ਵੀ. ਆਈ. ਪੀ. ਪ੍ਰਾਇਵੇਟ ਰੂਮ, 1520 ਵੀ. ਆਈ. ਪੀ. ਪ੍ਰਾਇਵੇਟ ਕਮਰੇ, ਫੀਫਾ ਏਰੀਆ ਅਤੇ ਅਥਲੀਟ ਏਰੀਆ ਹੋਵੇਗਾ। ਇਸ ਦੇ ਗਰਾਊਂਡ ਬ੍ਰੇਂਕਿੰਗ ਪ੍ਰੋਗਰਾਮ ਵਿਚ 200 ਤੋਂ ਵੱਧ ਟਰੱਕ ਦਿਖਾਏ ਗਏ ਜੋ ਕੰਮ ਵਿਚ ਲੱਗ ਚੁੱਕੇ ਹਨ। ਸਟੇਡੀਅਮ ਵਿਚ ਮੈਚ ਦੇ ਕਵਰੇਜ ਲਈ ਵੱਖਰੇ ਤਰ੍ਹਾਂ ਦਾ ਮੀਡੀਆ ਏਰੀਆ ਅਤੇ ਪ੍ਰੈੱਸ ਰੂਮ ਵੀ ਤਿਆਰ ਕੀਤਾ ਜਾ ਰਿਹਾ ਹੈ। 

ਅਜੇ ਪ੍ਰੋਫੈਸ਼ਨਲ ਕਲੱਬ ਗਵਾਂਗਝੂ ਐਵਰਗ੍ਰਾਂਡੇ ਦੇ ਕੋਚ ਫਾਬੀਓ ਕੈਨਾਵਾਰੋ ਹਨ ਤੇ ਸਟੇਡੀਅਮ ਦੇ ਗਰਾਊਂਡ ਬ੍ਰੇਕਿੰਗ ਪ੍ਰੋਗਰਾਮ ਵਿਚ ਇਹ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਹੁਣ ਤੱਕ ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ ਸਪੈਨਿਸ਼ ਕਲੱਬ ਬਾਰਸੀਲੋਨਾ ਦਾ ਕੈਂਪ ਨਾਓ ਸਟੇਡੀਅਮ ਹੈ। ਇਸ ਵਿਚ 99,354 ਲੋਕ ਬੈਠ ਸਕਦੇ ਹਨ। ਇਹ ਕਲੱਬ ਅਜੇ ਦੋ ਹੋਰ ਸਟੇਡੀਅਮ ਬਣਾਉਣੇ ਚਾਹੁੰਦਾ ਹੈ। 

Lalita Mam

This news is Content Editor Lalita Mam