ਆਸਟਰੇਲੀਆ ਚੀਨ ਨਾਲ ਰਿਸ਼ਤੇ ਖਰਾਬ ਨਹੀਂ ਕਰਨਾ ਚਾਹੁੰਦਾ ਪਰ ਵਧੀਕੀ ਦਾ ਜਵਾਬ ਦੇਣਾ ਬਣਦਾ

08/08/2020 4:07:59 PM

ਸਿਡਨੀ- ਆਸਟਰੇਲੀਆ ਤੇ ਚੀਨ ਦੇ ਰਿਸ਼ਤਿਆਂ ਵਿਚ ਆਈ ਕੁੜੱਤਣ ਨੂੰ ਦੂਰ ਕਰਨਾ ਹੁਣ ਮੁਸ਼ਕਲ ਹੁੰਦਾ ਜਾ ਰਿਹਾ ਹੈ। ਇਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਰਾਇਲ ਆਸਟਰੇਲੀਆ ਨੇਵੀ ਦੇ ਰਿਟਾਇਰਡ ਸੀਨੀਅਰ ਅਫਸਰ ਅਤੇ ਸਮੁੰਦਰੀ ਮਾਮਲਿਆਂ ਦੇ ਵਿਸ਼ਲੇਸ਼ਕ ਰੀਅਰ ਐਡਮੀਰਲ ਗੋਲਡਰਿਕ ਨੇ ਕਿਹਾ ਕਿ ਆਸਟਰੇਲੀਆ ਚੀਨ ਨਾਲ ਰਿਸ਼ਤੇ ਖਰਾਬ ਨਹੀਂ ਕਰਨਾ ਚਾਹੁੰਦਾ ਪਰ ਚੀਨ ਦੇ ਸਖਤ ਰਵੱਈਏ ਦਾ ਜਵਾਬ ਦੇਣਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਈ ਮਹੀਨਿਆਂ ਤੋਂ ਚੀਨ ਦਾ ਰਵੱਈਆ ਬਹੁਤ ਬੁਰਾ ਹੋ ਗਿਆ ਹੈ।

ਹਿੰਦ ਪ੍ਰਸ਼ਾਂਤ ’ਚ ਚੀਨ ਦਾ ਵਧਦਾ ਦਖਲ ਆਸਟਰੇਲੀਆ ਲਈ ਖਤਰਨਾਕ ਹੈ। ਇਹ ਚਿਤਾਵਨੀ ਆਸਟਰੇਲੀਆ ਦੇ ਰਣਨੀਤੀਕਾਰ ਰੀਅਰ ਐੱਡਮਿਰਲ (ਰਿਟਾਇਰ) ਜੇਮਸ ਗੋਲਡਰਿਕ ਨੇ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਡ੍ਰੈਗਨ ਨਾਲ ਮੁਕਾਬਲਾ ਕਰਨ ਲਈ ਆਸਟ੍ਰੇਲੀਆ ਨੂੰ ਰਣਨੀਤਕ ਤਿਆਰੀ ਵਧਾਉਣ ਦੀ ਲੋੜ ਹੈ। ਸਮਕਾਲੀ ਸਮੁੰਦਰੀ ਫੌਜ ਅਤੇ ਸਮੁੰਦਰੀ ਮਾਮਲਿਆਂ ਦੇ ਵਿਸ਼ਲੇਸ਼ਕ ਗੋਲਡਰਿਕ ਨੇ ਸਪਸ਼ਟ ਸ਼ਬਦਾਂ ’ਚ ਕਿਹਾ ਕਿ ਚੀਨ ਹਮਲੇ ਨੂੰ ਰੋਕਣ ਲਈ ਆਸਟਰੇਲੀਆ ਨੂੰ ਆਉਣ ਵਾਲੇ ਦਹਾਕੇ ’ਚ ਰੱਖਿਆ ਸਮਰਥਾਵਾਂ ਨੂੰ ਵਧਾਉਣ ਲਈ ਆਪਣੇ ਦੇਸ਼ ਦੀ ਰੱਖਿਆ ਯੋਜਨਾ ਦੇ ਵਿਸਤਾਰ ’ਤੇ ਧਿਆਨ ਦੇਣ ਦੀ ਲੋੜ ਹੈ।

ਗੋਲਡਰਿਕ ਨੇ ਸਟ੍ਰੇਟ ਨਿਊਜ ਦੇ ਗਲੋਬਲ ਐਡੀਟਰ-ਇਨ-ਚੀਫ ਨਿਤਿਨ ਏ ਗੋਖਲੇ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਆਸਟ੍ਰੇਲੀਆ ਬੇਸ਼ੱਕ ਚੀਨ ਨੂੰ ਦੁਸ਼ਮਣ ਨਹੀਂ ਮੰਨਦਾ ਹੈ ਪਰ ਉਸਦੇ ਹਮਲਾਵਰ ਵਿਵਹਾਰ ਨੂੰ ਅਨੁਪਾਤੀ ਢੰਗ ਨਾਲ ਜਵਾਬ ਦੇਣ ਦੀ ਲੋੜ ਹੈ।

ਇਸ ਦੌਰਾਨ ਚੀਨ ਨੇ ਆਸਟਰੇਲੀਆ 'ਤੇ ਇਮਪੋਰਟ ਟੈਰਿਫ ਵਧਾ ਦਿੱਤਾ ਹੈ, ਜਿਸ ਕਾਰਨ ਆਸਟਰੇਲੀਆ ਨੂੰ ਵਿੱਤੀ ਘਾਟਾ ਸਹਿਣ ਕਰਨਾ ਪਿਆ। ਉਨ੍ਹਾਂ ਨੇ ਭਾਰਤ ਤੇ ਆਸਟਰੇਲੀਆ ਵਲੋਂ ਦੱਖਣੀ ਚੀਨ ਸਾਗਰ ਲਈ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਦੱਖਣੀ ਚੀਨ ਸਾਗਰ ਨੂੰ ਬੰਦ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕੁਆਡ ਰਾਹੀਂ ਉਹ ਇਸ 'ਤੇ ਕੰਮ ਕਰ ਰਹੇ ਹਨ। ਇਸ ਮਾਮਲੇ 'ਤੇ ਦੋ-ਪੱਖੀ ਜਾਂ ਤਿੰਨ-ਪੱਖੀ ਗੱਲਬਾਤ ਹੋਣੀ ਬਹੁਤ ਜ਼ਰੂਰੀ ਹੈ।


ਜ਼ਿਕਰਯੋਗ ਹੈ ਕਿ ਆਸਟਰੇਲੀਆ ਨੇ ਚੀਨ ਤੋਂ ਫੈਲੇ ਕੋਰੋਨਾ ਵਾਇਰਸ ਦੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਸੀ। ਇਸ ਕਾਰਨ ਚੀਨ ਆਸਟਰੇਲੀਆ ਤੋਂ ਖਿੱਝ ਗਿਆ ਤੇ ਚੀਨ ਨੇ ਇਸ ਨੂੰ ਆਪਣੇ ਅੰਦਰੂਨੀ ਮਾਮਲੇ ਵਿਚ ਦਖਲ ਅੰਦਾਜ਼ੀ ਕਰਾਰ ਦਿੱਤਾ। ਇਸ ਤੋਂ ਇਲਾਵਾ ਆਸਟਰੇਲੀਆ ਨੇ ਦੱਖਣੀ ਚੀਨ ਸਾਗਰ ਨੂੰ ਲੈ ਕੇ ਮੋਰਚਾ ਖੋਲ੍ਹਿਆ ਹੋਇਆ ਹੈ। ਆਸਟਰੇਲੀਆ ਨੇ ਸੰਯੁਕਤ ਰਾਸ਼ਟਰ ਨੂੰ ਚਿੱਠੀ ਲਿਖ ਕੇ ਚੀਨ ਦੇ ਦਾਅਵੇ 'ਤੇ ਸਵਾਲ ਚੁੱਕੇ ਹਨ।  ਪੱਤਰ ’ਚ ਕਿਹਾ ਗਿਆ ਹੈ ਕਿ ਆਸਟਰੇਲੀਆਈ ਸਰਕਾਰ ਚੀਨ ਦੇ ਉਨ੍ਹਾਂ ਦਾਅਵਿਆਂ ਨੂੰ ਖਾਰਜ ਕਰਦੀ ਹੈ ਜੋ ਸਮੁੰਦਰੀ ਕਾਨੂੰਨ ਸਬੰਧੀ 1982 ਦੇ ਸੰਯੁਕਤ ਰਾਸ਼ਟਰ ਸਮਝੌਤੇ (ਯੂ. ਐੱਨ. ਸੀ. ਐੱਲ. ਓ. ਐੱਸ.) ਦੇ ਮੁਤਾਬਕ ਨਹੀਂ ਹਨ, ਖਾਸ ਕਰ ਕੇ ਤੱਟ ਰੇਖਾ ਅਤੇ ਸਮੁੰਦਰੀ ਖੇਤਰ ਸਬੰਧੀ ਨਿਯਮ ਨੂੰ ਨਹੀਂ ਮੰਨਣ ਵਾਲੇ ਦਾਅਵਿਆਂ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਪੱਤਰ ਮੁਤਾਬਕ ਚੀਨ ਕੋਲ ਕੋਈ ਵੈਧਾਨਿਕ ਅਧਿਕਾਰ ਨਹੀਂ ਹੈ ਕਿ ਇਸ ਸਿੱਧੀ ਤਟਰੇਖਾ ਖਿੱਚ ਕੇ ਦੱਖਣ ਚੀਨ ਸਾਗਰ ਦੇ ਦੂਰ-ਦੁਹਾਡੇ ਸਥਿਤ ਬਿੰਦੂਆਂ ਅਤੇ ਆਈਲੈਂਡ ਸਮੂਹਾਂ ਨੂੰ ਆਪਣੇ ਦੇਸ਼ ਨਾਲ ਜੋੜ ਲਵੇ। ਆਸਟ੍ਰੇਲੀਆ ਦੇ ਇਸ ਕਦਮ ਤੋਂ ਬਾਅਦ ਚੀਨ ਲਗਾਤਾਰ ਆਸਟ੍ਰੇਲੀਆ ਦੇ ਖਿਲਾਫ ਬਿਆਨਬਾਜ਼ੀ ਕਰ ਰਿਹਾ ਹੈ। ਚੀਨ ਦੇ ਅਖਬਾਰ ਗਲੋਬਲ ਟਾਈਮ ਨੇ ਤਾਂ ਪਿਛਲੇ ਹਫਤੇ ਚੀਨ ਵਲੋਂ ਆਸਟ੍ਰੇਲੀਆ ਤੋਂ ਹੋਣ ਵਾਲੀ ਦਰਾਮਦ ’ਤੇ ਪਾਬੰਦੀਆਂ ਲਗਾਉਣ ਦੀ ਗੱਲ ਤਕ ਕਹਿ ਦਿੱਤੀ ਸੀ। 

Lalita Mam

This news is Content Editor Lalita Mam