ਚੀਨੀ ਲੋਕਾਂ ਦਾ ਦਾਅਵਾ, ਦੇਸ਼ 'ਚ 42,000 ਮਰੀਜ਼ਾਂ ਦੀ ਮੌਤ

03/30/2020 12:43:40 PM

ਬੀਜਿੰਗ (ਬਿਊਰੋ): ਚੀਨ ਦੇ ਵੁਹਾਨ ਸ਼ਹਿਰ ਦੇ ਰਹਿਣ ਵਾਲੇ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਸਿਰਫ ਉਹਨਾਂ ਦੇ ਸ਼ਹਿਰ ਵਿਚ ਕਰੀਬ 42,000 ਲੋਕਾਂ ਦੀ ਕੋਰੋਨਾਵਾਇਰਸ ਨਾਲ ਮੌਤ ਹੋ ਗਈ ਭਾਵੇਂਕਿ ਚੀਨ ਸਰਕਾਰ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਨਾਲ ਪੂਰੇ ਦੇਸ਼ ਵਿਚ ਸਿਰਫ 3,300 ਲੋਕਾਂ ਦੀ ਮੌਤ ਹੋਈ ਹੈ। ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ ਹੁਬੇਈ ਸੂਬੇ ਦੇ ਅਧਿਕਾਰੀਆਂ ਨਾਲ ਜੁੜੇ ਇਕ ਸੂਤਰ ਨੇ ਕਿਹਾ ਕਿ ਕਈ ਵਸਨੀਕ ਆਪਣੇ ਘਰਾਂ ਵਿਚ ਬਿਨਾਂ ਜਾਂਚ ਦੇ ਹੀ ਮਰ ਗਏ। ਉਹਨਾਂ ਨੇ ਕਿਹਾ ਕਿ ਇਕ ਮਹੀਨੇ ਦੇ ਅੰਦਰ ਹੀ 28 ਹਜ਼ਾਰ ਲਾਸ਼ਾਂ ਸਾੜੀਆਂ ਗਈਆਂ। ਇਸ ਲਈ ਅਨੁਮਾਨਿਤ ਅੰਕੜਾ ਵਧਾ-ਚੜ੍ਹਾ ਕੇ ਨਹੀਂ ਦੱਸਿਆ ਗਿਆ ਹੈ।

ਵੁਹਾਨ ਦੇ ਸਥਾਨਕ ਲੋਕਾਂ ਦਾ ਮ੍ਰਿਤਕਾਂ ਨੂੰ ਲੈ ਕੇ ਕੀਤਾ ਗਿਆ ਦਾਅਵਾ ਚੀਨੀ ਅਧਿਕਾਰੀਆਂ ਵੱਲੋਂ ਦਿੱਤੇ ਗਏ ਅੰਕੜੇ ਦੇ 10 ਗੁਣੇ ਤੋਂ ਵੀ ਵੱਧ ਹੈ। ਪੂਰੀ ਦੁਨੀਆ ਨੂੰ ਬੇਹਾਲ ਕਰਨ ਵਾਲੇ ਕੋਰੋਨਾਵਾਇਰਸ ਦੇ ਇਨਫੈਕਸ਼ਨ ਦੀ ਸ਼ੁਰੂਆਤ ਚੀਨ ਦੇ ਵੁਹਾਨ ਤੋਂ ਹੀ ਹੋਈ ਸੀ। ਇੱਥੇ ਲੋਕਾਂ ਦਾ ਕਹਿਣਾ ਹੈ ਕਿ ਵੱਖ-ਵੱਖ ਸ਼ਮਸ਼ਾਨਘਾਟਾਂ ਤੋਂ ਪਰਿਵਾਰ ਵਾਲਿਆਂ ਨੂੰ ਰੋਜ਼ 500 ਅਸਥੀ ਕਲਸ਼ ਦਿੱਤੇ ਜਾ ਰਹੇ ਹਨ। ਅਜਿਹੇ 7 ਸ਼ਮਸ਼ਾਨ ਘਾਟ ਹਨ ਮਤਲਬ ਰੋਜ਼ ਕਰੀਬ 3500 ਲੋਕਾਂ ਨੂੰ ਅਸਥੀ ਕਲਸ਼ ਦਿੱਤੇ ਜਾ ਰਹੇ ਹਨ। ਹੰਕੋਊ, ਵੁਚਾਂਗ ਅਤੇ ਹਾਨਯਾਂਗ ਵਿਚ ਰਹਿਣ ਵਾਲੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਕਿਹਾ ਗਿਆ ਹੈਕਿ ਉਹਨਾਂ ਨੂੰ ਅਸਥੀ ਕਲਸ਼ 5 ਅਪ੍ਰੈਲ ਤੱਕ ਦਿੱਤੇ ਜਾਣਗੇ। 

ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ ਇਸ ਦਾ ਮਤਲਬ ਹੈ ਕਿ 12 ਦਿਨਾਂ ਵਿਚ 42 ਹਜ਼ਾਰ ਲੋਕਾਂ ਦੇ ਅਸਥੀ ਕਲਸ਼ ਵੰਡੇ ਜਾ ਸਕਦੇ ਹਨ। ਇਸ ਤੋਂ ਪਹਿਲਾਂ ਸਥਾਨਕ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਸੀ ਕਿ ਹੰਕੋਊ ਦੇ ਸ਼ਮਸ਼ਾਨਘਾਟ ਵਿਚ ਸਿਰਫ 2 ਦਿਨਾਂ ਵਿਚ 5000 ਅਸਥੀ ਕਲਸ਼ ਦੀ ਡਲਿਵਰੀ ਕਰਵਾਈ ਗਈ ਹੈ। ਇੱਥੇ ਦੱਸ ਦਈਏ ਕਿ ਅਜਿਹੀਆਂ ਰਿਪੋਰਟਾਂ ਉਦੋਂ ਆ ਰਹੀਆਂ ਹਨ ਜਦੋਂ ਚੀਨ ਨੇ ਹੁਬੇਈ ਸੂਬੇ ਵਿਚ ਲਗਾਏ ਗਏ ਲੌਕਡਾਊਨ ਵਿਚ ਛੋਟ ਦੇਣੀ ਸ਼ੁਰੂ ਕਰ ਦਿੱਤੀ ਹੈ। ਸਕੂਲ ਅਤੇ ਮਾਲ ਖੁੱਲ੍ਹਣ ਦੀਆਂ ਰਿਪੋਰਟਾਂ ਵੀ ਆ ਰਹੀਆਂ ਹਨ। ਭਾਵੇਂਕਿ ਜਿਹੜੇ ਲੋਕਾਂ ਨੂੰ ਗ੍ਰੀਨ ਹੈਲਥ ਸਰਟੀਫਿਕੇਟ ਦਿੱਤੇ ਗਏ ਹਨ ਉਹੀ ਲੋਕ ਹੀ ਹੁਬੇਈ ਸੂਬਾ ਛੱਡ ਕੇ ਜਾ ਸਕਦੇ ਹਨ। ਗ੍ਰੀਨ ਸਰਟੀਫਿਕੇਟ ਦਾ ਮਤਲਬ ਹੈ ਕਿ ਉਹਨਾਂ ਲੋਕਾਂ ਦੇ ਟੈਸਟ ਨੈਗੇਟਿਵ ਆਏ ਹਨ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦੇ ਕਹਿਰ 'ਚ ਥਾਈਲੈਂਡ ਦਾ ਰਾਜਾ 20 ਔਰਤਾਂ ਦੇ ਨਾਲ ਜਰਮਨੀ 'ਚ ਸ਼ਿਫਟ

23 ਜਨਵਰੀ ਤੋਂ ਹੀ ਹੁਬੇਈ ਵਿਚ ਪਾਬੰਦੀਆਂ ਲਗਾਈਆਂ ਗਈਆਂ ਹਨ। 25 ਮਾਰਚ ਨੂੰ ਪਹਿਲੀ ਵਾਰ ਕਈ ਪਾਬੰਦੀਆਂ ਹਟਾਈਆਂ ਗਈਆਂ ਸਨ। ਭਾਵੇਂਕਿ ਵੁਹਾਨ ਸ਼ਹਿਰ ਤੋਂ ਬਾਹਰ ਨਿਕਲਣ 'ਤੇ ਪਾਬੰਦੀ 8 ਅਪ੍ਰੈਲ ਤੱਕ ਜਾਰੀ ਰਹੇਗੀ। ਰੇਡੀਓ ਫ੍ਰੀ ਏਸ਼ੀਆ ਦੀ ਰਿਪੋਰਟ ਦੇ ਮੁਤਾਬਕ ਵੁਹਾਨ ਦੇ ਇਕ ਵਿਅਕਤੀ ਝਾਂਗ ਨੇ ਦੱਸਿਆ ਕਿ ਸ਼ਮਸ਼ਾਨਘਾਟ ਵਿਚ ਕੰਮ ਕਰਨ ਵਾਲੇ ਲੋਕ 24 ਘੰਟੇ ਕੰਮ ਕਰ ਰਹੇ ਹਨ। ਇਸ ਲਈ ਇਹ ਸਹੀ ਨਹੀਂ ਹੋ ਸਕਦਾ ਕਿ ਇੰਨੇ ਘੱਟ ਲੋਕ ਮਰੇ ਹੋਣ। ਮਾਊ ਉਪਨਾਮ ਵਾਲੇ ਇਕ ਹੋਰ ਸਥਾਨਕ ਵਸਨੀਕ ਨੇ ਕਿਹਾ ਕਿ ਹੋ ਸਕਦਾ ਹੈ ਕਿ ਅਧਿਕਾਰੀ ਹੌਲੀ-ਹੌਲੀ ਅਸਲੀ ਅੰਕੜੇ ਜਾਰੀ ਕਰ ਰਹੇ ਹੋਣ ਤਾਂ ਜੋ ਲੋਕ ਹੌਲੀ-ਹੌਲੀ ਅਸਲੀਅਤ ਸਵੀਕਾਰ ਕਰਨ।ਇਸ ਤੋਂ ਪਹਿਲਾਂ ਨਿਊਯਾਰਕ ਪੋਸਟ ਨੇ ਸਥਾਨਕ ਮੀਡੀਆ ਦੇ ਹਵਾਲੇ ਨਾਲ ਖਬਰ ਦਿੱਤੀ ਸੀ ਕਿ ਵੁਹਾਨ ਦੇ ਇਕ ਸ਼ਮਸ਼ਾਨਘਾਟ ਵਿਚ 2 ਦਿਨਾਂ ਦੇ ਅੰਦਰ 5 ਹਜ਼ਾਰ ਅਸਥੀ ਕਲਸ਼ ਦੀ ਡਲਿਵਰੀ ਕਰਵਾਈ ਗਈ ਹੈ। 

ਕੋਰੋਨਾਵਾਇਰਸ ਨਾਲ ਦੁਨੀਆਭਰ ਵਿਚ ਵੱਧਦੀ ਮ੍ਰਿਤਕਾਂ ਦੀ ਗਿਣਤੀ ਦੇ ਨਾਲ ਹੀ ਚੀਨ ਦੀ ਪਾਰਦਰਸ਼ਿਤਾ ਨੂੰ ਲੈ ਕੇ ਗੰਭੀਰ ਸਵਾਲ ਉਠ ਰਹੇ ਹਨ। ਨਿਊਯਾਰਕ ਪੋਸਟ ਦੇ ਮੁਤਾਬਕ ਵੁਹਾਨ ਦੇ ਸ਼ਮਸ਼ਾਨਘਾਟਾਂ ਵਿਚ ਕੰਮ ਕਰਨ ਵਾਲਿਆਂ ਨੇ ਮਾਮਲੇ 'ਤੇ ਪ੍ਰਤਿਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ। ਇੱਥੇ ਦੱਸ ਦਈਏ ਕਿ ਸੋਮਵਾਰ ਸਵੇਰ ਤੱਕ ਦੁਨੀਆ ਭਰ ਵਿਚ ਇਨਫੈਕਟਿਡ ਲੋਕਾਂ ਦੀ ਗਿਣਤੀ 722,646 ਪਹੁੰਚ ਗਈ ਹੈ। ਉੱਥੇ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ 33,983 ਹੋ ਚੁੱਕਾ ਹੈ। ਚੀਨ ਵਿਚ 3300, ਅਮਰੀਕਾ ਵਿਚ ਕੋਰੋਨਾ ਨਾਲ 2400 ਤੋਂ ਵਧੇਰੇ, ਸਪੇਨ ਵਿਚ 6800 ਤੋਂ ਵਧੇਰੇ, ਈਰਾਨ ਵਿਚ 2600 ਤੋਂ ਵਧੇਰੇ ਅਤੇ ਫਰਾਂਸ ਵਿਚ ਵੀ 2600 ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ।ਇਟਲੀ ਵਿਚ 10 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ।

ਪੜ੍ਹੋ ਇਹ ਅਹਿਮ ਖਬਰ- ਪ੍ਰਿੰਸ ਹੈਰੀ ਤੇ ਮੇਗਨ ਦੇ ਅਮਰੀਕਾ ਸ਼ਿਫਟ ਹੋਣ 'ਤੇ ਟਰੰਪ ਨੇ ਕੀਤਾ ਇਹ ਟਵੀਟ

Vandana

This news is Content Editor Vandana