ਸ਼ਰਨਾਰਥੀਆਂ ਦੇ ਸਨਮਾਨ 'ਚ ਚੀਨੀ ਕਲਾਕਾਰ ਨੇ ਬਣਾਈ ਕਲਾਕ੍ਰਿਤੀ

03/13/2018 3:08:04 PM

ਸਿਡਨੀ— ਬਹੁਤ ਸਾਰੇ ਕਲਾਕਾਰ ਆਪਣੇ ਮਨ ਦੇ ਭਾਵਾਂ ਨੂੰ ਪੇਂਟਿੰਗ ਜ਼ਰੀਏ ਪੇਸ਼ ਕਰਦੇ ਹਨ। ਜ਼ਿਆਦਾਤਰ ਕਲਾਕਾਰ ਕੁਦਰਤ ਦੇ ਰੰਗਾਂ ਨੂੰ ਆਪਣੀ ਚਿੱਤਰਕਾਰੀ ਜ਼ਰੀਏ ਪੇਸ਼ ਕਰਦੇ ਹਨ ਜੋ ਦਿਲ ਨੂੰ ਸਕੂਨ ਦਿੰਦੇ ਹਨ ਪਰ ਇਸ ਸ਼ਖਸ ਨੇ ਕੁਝ ਵੱਖਰਾ ਹੀ ਪੇਸ਼ ਕੀਤਾ, ਜੋ ਕਿ ਸ਼ਰਨਾਰਥੀਆਂ ਦੇ ਦਰਦ ਨੂੰ ਬਿਆਨ ਕਰਦਾ ਹੈ। ਚੀਨ ਦੇ ਕਲਾਕਾਰ ਆਈ ਵੇਈਵੇਈ ਨੇ ਸ਼ਰਨਾਰਥੀਆਂ ਦੇ ਸਨਮਾਨ 'ਚ ਅਤੇ ਆਸਟ੍ਰੇਲੀਆ ਦੀ ਸ਼ਰਨਾਰਥੀ ਨੀਤੀ ਦੇ ਵਿਰੋਧ 'ਚ 60 ਮੀਟਰ ਲੰਬੀ ਰਬੜ ਦੀ ਕਿਸ਼ਤੀ ਬਣਾਈ ਹੈ। ਇਸ ਕਿਸ਼ਤੀ 'ਚ ਉਨ੍ਹਾਂ ਨੇ 300 ਦੇ ਕਰੀਬ ਸ਼ਰਨਾਰਥੀਆਂ ਨੂੰ ਬੈਠਿਆ ਦਿਖਾਇਆ ਹੈ। ਉਨ੍ਹਾਂ ਨੇ ਆਸਟ੍ਰੇਲੀਆ ਦੀ ਖਰਾਬ ਸ਼ਰਨਾਰਥੀ ਨੀਤੀ ਦਾ ਆਲੋਚਨਾ ਲਈ ਇੱਥੋਂ ਦੇ ਕਾਕਾਟੂ ਟਾਪੂ 'ਚ ਇਹ ਕਲਾਕ੍ਰਿਤੀ ਬਣਾਈ ਹੈ। 


ਇਸ ਕਿਸ਼ਤੀ ਜ਼ਰੀਏ ਉਨ੍ਹਾਂ ਹਜ਼ਾਰਾਂ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਹੈ, ਜੋ ਕਿ ਭੂ-ਮੱਧ ਸਾਗਰ ਨੂੰ ਪਾਰ ਕਰਦੇ ਸਮੇਂ ਡੁੱਬ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮੇਰਾ ਸੰਦੇਸ਼ ਸਾਫ ਹੈ ਕਿ ਇਹ ਕੋਈ ਸ਼ਰਨਾਰਥੀ ਸੰਕਟ ਨਹੀਂ ਹੈ, ਸਗੋਂ ਇਕ ਮਨੁੱਖੀ ਸੰਕਟ ਹੈ, ਜੋ ਕਿ ਦਿਨੋਂ-ਦਿਨ ਡੂੰਘਾ ਹੁੰਦਾ ਜਾ ਰਿਹਾ ਹੈ।

ਆਈ ਨੇ ਕਿਹਾ ਕਿ ਸ਼ਰਨਾਰਥੀਆਂ ਨਾਲ ਨਜਿੱਠਦੇ ਹੋਇਆ ਅਸੀਂ ਆਪਣੀਆਂ ਬੁਨਿਆਦੀ ਕਦਰਾਂ-ਕੀਮਤਾਂ ਨੂੰ ਭੁੱਲ ਗਏ ਹਾਂ। ਇਸ ਸਮੇਂ ਸਾਨੂੰ ਹੋਰ ਵੀ ਜ਼ਿਆਦਾ ਸਹਿਣਸ਼ੀਲਤਾ, ਇਕ-ਦੂਜੇ ਪ੍ਰਤੀ ਵਿਸ਼ਵਾਸ ਨੂੰ ਪ੍ਰਗਟ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਅਸੀਂ ਸਾਰੇ ਇਕ ਹਾਂ। ਜੇਕਰ ਅਸੀਂ ਅਜਿਹਾ ਨਹੀਂ ਕਰਾਂਗੇ ਤਾਂ ਮਨੁੱਖਤਾ ਨੂੰ ਵੱਡੇ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਈ ਤਕਰੀਬਨ 23 ਦੇਸ਼ਾਂ ਦੇ ਸ਼ਰਨਾਰਥੀ ਕੈਂਪਾਂ 'ਚ ਜਾ ਚੁੱਕਾ ਹੈ, ਜਿਨ੍ਹਾਂ ਵਿਚ ਅਫਗਾਨਿਸਤਾਨ, ਬੰਗਲਾਦੇਸ਼, ਫਰਾਂਸ, ਗ੍ਰੀਸ, ਜਰਮਨੀ, ਇਰਾਕ, ਇਜ਼ਰਾਇਲ, ਇਟਲੀ, ਕੀਨੀਆ, ਮੈਕਸੀਕੋ ਅਤੇ ਤੁਰਕੀ ਹਨ ।