ਚੀਨੀ ਔਰਤਾਂ ਦੂਜੇ ਦੇਸ਼ਾਂ ''ਚ ਤਲਾਸ਼ ਰਹੀਆਂ ਹਨ ਸਪਰਮ ਡੋਨਰ

12/06/2019 5:23:29 PM

ਬੀਜਿੰਗ (ਬਿਊਰੋ): ਚੀਨ ਵਿਚ ਅਮੀਰ ਅਤੇ ਸਿੱਖਿਅਤ ਔਰਤਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇਹ ਔਰਤਾਂ ਮਾਂ ਬਣਨਾ ਚਾਹੁੰਦੀਆਂ ਹਨ ਪਰ ਵਿਆਹ ਨਹੀਂ ਕਰਵਾਉਣਾ ਚਾਹੁੰਦੀਆਂ। ਇਸ ਗੰਭੀਰ ਸਥਿਤੀ ਨੂੰ ਦੇਖਦਿਆਂ ਚੀਨ ਵਿਚ ਅਣਵਿਆਹੁਤਾ ਔਰਤਾਂ ਨੂੰ ਸਪਰਮ ਬੈਂਕਾਂ ਅਤੇ ਆਈ.ਵੀ.ਐੱਫ. ਦੀ ਪ੍ਰਕਿਰਿਆ ਅਪਨਾਉਣ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ। ਹੁਣ ਮਜਬੂਰ ਹੋ ਕੇ ਇਹ ਔਰਤਾਂ ਬੱਚੇ ਦੀ ਇੱਛਾ ਕਾਰਨ ਦੂਜੇ ਦੇਸ਼ਾਂ ਵਿਚ ਵਿਕਲਪ ਦੀ ਤਲਾਸ਼ ਕਰ ਰਹੀਆਂ ਹਨ। ਚੀਨ ਵਿਚ ਸਪਰਮ ਦਾਨ ਕਰਨ ਵਾਲਿਆਂ ਨੂੰ ਆਪਣਾ ਨਾਮ ਜ਼ਾਹਰ ਨਹੀਂ ਕਰਨਾ ਪੈਂਦਾ ਪਰ ਅੰਤਰਰਾਸ਼ਟਰੀ ਸਪਰਮ ਬੈਂਕ ਔਰਤਾਂ ਨੂੰ ਸਾਰੇ ਵੇਰਵੇ ਮੁਹੱਈਆ ਕਰਵਾਉਂਦੇ ਹਨ ਜਿਵੇਂ ਵਾਲਾ ਦਾ ਰੰਗ, ਬਚਪਨ ਦੀਆਂ ਤਸਵੀਰਾਂ, ਡੋਨਰ ਦਾ ਬੈਕਗ੍ਰਾਉਂਡ ਆਦਿ। 

ਅਸਲ ਵਿਚ ਇੱਥੇ ਉੱਚ ਸਿੱਖਿਆ ਪ੍ਰਾਪਤ ਔਰਤਾਂ ਨੂੰ ਵਿਆਹ ਲਈ ਅਨੁਕੂਲ ਜੀਵਨਸਾਥੀ ਨਹੀਂ ਮਿਲ ਰਿਹਾ ਜਾਂ ਫਿਰ ਉਹ ਖੁਦ ਵਿਆਹ ਦੇ ਬੰਧਨ ਵਿਚ ਬੱਝਣਾ ਨਹੀਂ ਚਾਹੁੰਦੀਆਂ। ਇਸ ਨੂੰ ਦੇਖਦਿਆਂ ਹੀ ਚੀਨ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਬੀਤੇ 5 ਸਾਲਾਂ ਵਿਚ ਚੀਨ ਵਿਚ ਵਿਆਹ ਦੀ ਦਰ ਵਿਚ ਗਿਰਾਵਟ ਆਈ ਹੈ। ਅਧਿਕਾਰਤ ਤੌਰ 'ਤੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ ਸਾਲ 1000 ਵਿਚੋਂ ਸਿਰਫ 72 ਲੋਕਾਂ ਨੇ ਵਿਆਹ ਕੀਤਾ। ਇੱਥੇ ਪੁਰਸ਼ ਵੀ ਜ਼ਿਆਦਾ ਪੜ੍ਹੀਆਂ ਲਿਖੀਆਂ ਔਰਤਾਂ ਨਾਲ ਵਿਆਹ ਨਹੀਂ ਕਰਨਾ ਚਾਹੁੰਦੇ। 

ਵਿਸ਼ਲੇਸ਼ਕਾਂ ਨੇ ਆਪਣੀ ਭਵਿੱਖਬਾਣੀ ਵਿਚ ਦੱਸਿਆ ਹੈ ਕਿ ਸਾਲ 2022 ਤੱਕ ਚੀਨ ਵਿਚ ਜਣਨ ਸੇਵਾਵਾਂ ਦਾ ਬਾਜ਼ਾਰ 1.5 ਬਿਲੀਅਨ ਡਾਲਰ ਪਹੁੰਚ ਜਾਵੇਗਾ ਜੋ ਸਾਲ 2016 ਦੀ ਕੀਮਤ ਦੇ ਦੁੱਗਣੇ ਤੋਂ ਵੀ ਵੱਧ ਹੋਵੇਗਾ ਪਰ ਵਿਦੇਸ਼ਾਂ ਵਿਚ ਚੀਨੀ ਨਾਗਰਿਕਾਂ ਲਈ ਇਨ੍ਹਾਂ ਸੇਵਾਵਾਂ ਦੀ ਮੰਗ ਵੱਧ ਰਹੀ ਹੈ। ਡੈਨਿਸ਼ ਸਪਰਮ ਐਂਡ ਐਗ ਬੈਂਕ ਕ੍ਰਾਈਸ ਇੰਟਰਨੈਸ਼ਨਲ ਨੇ ਤਾਂ ਚੀਨੀ ਵੈਬਸਾਈਟ ਵੀ ਬਣਾ ਲਈ ਹੈ। ਇਸ ਵਿਚ ਚੀਨੀ ਬੋਲਣ ਵਾਲੇ ਸਟਾਫ ਦੀ ਨਿਯੁਕਤੀ ਕੀਤੀ ਹੈ। ਅਮਰੀਕੀ ਅਤੇ ਯੂਰਪੀ ਸਪਰਮ ਬੈਂਕਾਂ ਨੇ ਏ.ਐੱਫ.ਪੀ. ਨੂੰ ਦੱਸਿਆ ਕਿ ਉਨ੍ਹਾਂ ਦੇ ਇੱਥੇ ਚੀਨੀ ਗਾਹਕਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ ਪਰ ਇਹ ਨਾ ਤਾਂ ਸਸਤਾ ਹੈ ਅਤੇ ਨਾ ਹੀ ਸੌਖਾ। ਜਾਣਕਾਰੀ ਮੁਤਾਬਕ ਵਿਦੇਸ਼ੀ ਸਪਰਮ ਬੈਂਕਾਂ ਵਿਚ ਪ੍ਰਕਿਰਿਆ ਦੀ ਸ਼ੁਰੂਆਤ 2,00,000 ਯੂਆਨ ਮਤਲਬ 28,500 ਡਾਲਰ ਹੈ। 

ਚੀਨ ਦੇ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਸਪਰਮ ਬੈਂਕ ਦਾ ਉਦੇਸ਼ ਜੈਨੇਟਿਕ ਬੀਮਾਰੀਆਂ ਅਤੇ ਬਾਂਝਪਨ ਦਾ ਇਲਾਜ ਕਰਨਾ ਹੈ। ਬੀਜਿੰਗ ਦੇ ਫਰਟੀਲਿਟੀ ਹਸਪਤਾਲ ਦੇ ਨਿਦੇਸ਼ਕ ਲਿਊ ਜਿਏਨ ਨੇ ਕਿਹਾ,''ਇਸ ਵਿਚ ਅਸੀਂ ਅਣਵਿਆਹੀਆਂ ਔਰਤਾਂ ਦੀ ਮਦਦ ਕਰਨੀ ਚਾਹੁੰਦੇ ਹਾਂ ਪਰ ਰਾਜਨੀਤਕ ਤਰੀਕੇ ਨਾਲ ਇਸ 'ਤੇ ਰੋਕ ਹੈ। ਇਸ ਲਈ ਮਜਬੂਰ ਹਾਂ।'' ਉਨ੍ਹਾਂ ਨੇ ਕਿਹਾ ਕਿ ਜੇਕਰ ਔਰਤਾਂ ਦੇਸ਼ ਤੋਂ ਬਾਹਰ ਵਿਕਲਪ ਚੁਣਦੀਆਂ ਹਨ ਤਾਂ ਉਨ੍ਹਾਂ ਨੂੰ ਕਈ ਵਾਰ ਬਾਹਰ ਜਾਣਾ ਪਵੇਗਾ।

Vandana

This news is Content Editor Vandana