ਸਾਡੇ ਕੋਲ ਮੌਜੂਦ ਬੈਟ ਦੇ ਸਟ੍ਰੇਨ ਦਾ ਕੋਵਿਡ-19 ਨਾਲ ਕੋਈ ਸੰਬੰਧ ਨਹੀਂ : ਵੁਹਾਨ ਇੰਸਟੀਚਿਊਟ ਨਿਦੇਸ਼ਕ

05/24/2020 6:01:44 PM

ਬੀਜਿੰਗ (ਬਿਊਰੋ): ਚੀਨ ਦੇ ਵੁਹਾਨ ਵਿਚ ਮੌਜੂਦ ਵਾਇਰੋਲੌਜੀ ਇੰਸਟੀਚਿਊਟ, ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਦੇ ਬਾਅਦ ਤੋਂ ਹੀ ਵਿਵਾਦਾਂ ਵਿਚ ਹੈ। ਪੱਛਮੀ ਦੇਸ਼ਾਂ ਨੂੰ ਇਹ ਸ਼ੱਕ ਹੈ ਕਿ ਵਾਇਰਸ ਉੱਥੋਂ ਹੀ ਫੈਲਿਆ ਹੈ। ਹੁਣ ਇੰਸਟੀਚਿਊਟ ਨੇ ਵਿਵਾਦ ਦੇ ਵਿਚ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਕੋਲ ਬੈਟ ਤੋਂ ਨਿਕਲੇ ਕੋਰੋਨਾਵਾਇਰਸ ਦੇ 3 ਲਾਈਵ ਸਟ੍ਰੇਨ ਮੌਜੂਦ ਸਨ ਪਰ ਇਹਨਾਂ ਵਿਚੋਂ ਕਿਸੇ ਦਾ ਵੀ ਮੌਜੂਦਾ ਮਹਾਮਾਰੀ ਨਾਲ ਕੋਈ ਸੰਬੰਧ ਨਹੀਂ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਕੋਰੋਨਾਵਾਇਰਸ ਚਮਗਾਦੜ ਤੋਂ ਨਿਕਲਿਆ ਸੀ ਅਤੇ ਉਸ ਨਾਲ ਹੀ ਇਹ ਵਾਇਰਸ ਇਨਸਾਨਾਂ ਵਿਚ ਫੈਲਿਆ ਪਰ ਵੁਹਾਨ ਇੰਸਟੀਚਿਊਟ ਆਫ ਵਾਇਰੋਲੌਜੀ (Wuhan institute of virology) ਦੀ ਨਿਦੇਸ਼ਕ ਵਾਂਗ ਯੇਨੀ ਨੇ ਸਰਕਾਰੀ ਟੀਵੀ ਸੀ.ਜੀ.ਟੀ.ਐੱਨ. ਨੂੰ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਹੋਰ ਦੇਸ਼ਾਂ ਵੱਲੋਂ ਵਾਇਰਸ ਦੇ ਇੰਸਟੀਚਿਊਟ ਤੋਂ ਫੈਲਣ ਦਾ ਦਾਅਵਾ ਕਰਨਾ, ਪੂਰੀ ਤਰ੍ਹਾਂ ਨਾਲ ਝੂਠ ਹੈ। 

ਨਿਦੇਸ਼ਕ ਦਾ ਇੰਟਰਵਿਊ 13 ਮਈ ਨੂੰ ਲਿਆ ਗਿਆ, ਜਿਸ ਨੂੰ ਸ਼ਨੀਵਾਰ ਰਾਤ ਨੂੰ ਪ੍ਰਸਾਰਿਤ ਕੀਤਾ ਗਿਆ। ਇਸ ਵਿਚ ਨਿਦੇਸ਼ਕ ਵਾਂਗ ਯੇਨੀ ਕਹਿੰਦੀ ਹੈਕਿ ਸੈਂਟਰ ਕੋਲ ਚਮਗਾਦੜਾਂ ਤੋਂ ਕੱਢੇ ਗਏ ਕੋਰੋਨਾਵਾਇਸ ਦੇ ਸਟ੍ਰੇਨ ਸਨ। ਉਹਨਾਂ ਨੇ ਕਿਹਾ,''ਸਾਡੇ ਕੋਲ ਜ਼ਿੰਦਾ ਵਾਇਰਸ ਦੇ ਤਿੰਨ ਸਟ੍ਰੇਨ ਮੌਜੂਦ ਹਨ ਪਰ ਨੋਵਲ ਕੋਰੋਨਾਵਾਇਰਸ ਅਤੇ ਉਹਨਾਂ ਵਿਚ ਸਮਾਨਤਾ ਸਿਰਫ 79.8 ਫੀਸਦੀ ਹੀ ਹੈ।'' ਪ੍ਰੋਫੈਸਰ ਸ਼ੀ ਜੇਂਗਲੀ ਦੀ ਅਗਵਾਈ ਵਿਚ ਇਕ ਟੀਮ 2004 ਤੋਂ ਹੀ ਚਮਗਾਦੜ ਤੋਂ ਨਿਕਲੇ ਕੋਰੋਨਾਵਾਇਰਸ 'ਤੇ ਸ਼ੋਧ ਕਰ ਰਹੀ ਹੈ ਅਤੇ ਉਹ ਸਾਰਸ ਦੇ ਸਰੋਤ ਨੂੰ ਲੱਭ ਰਹੀ ਹੈ। ਸ਼ੀ ਨੇ ਦੱਸਿਆ,''ਸਾਨੂੰ ਪਤਾ ਹੈ ਕਿ ਨੋਵਲ ਕੋਰੋਨਾਵਾਇਰਸ ਦੇ ਜੀਨੋਮ ਸਾਰਸ ਨਾਲ ਸਿਰਫ 80 ਫੀਸਦੀ ਹੀ ਮੇਲ ਖਾਂਦੇ ਹਨ। ਇਹ ਇਕ ਵੱਡਾ ਫਰਕ ਹੈ। ਇਸ ਲਈ ਪ੍ਰੋਫੈਸਰ ਸ਼ੀ ਦੇ ਸ਼ੋਧ ਵਿਚ ਉਹਨਾਂ ਨੇ ਅਜਿਹੇ ਵਾਇਰਸ 'ਤੇ ਧਿਆਨ ਨਹੀਂ ਦਿੱਤਾ ਜਿਹਨਾਂ ਵਿਚ ਸਾਰਸ ਜਿਹੀ ਸਮਾਨਤਾ ਘੱਟ ਹੈ।'' 

ਲੈਬ ਦਾ ਕਹਿਣਾ ਹੈ ਕਿ ਉਸ ਨੂੰ 30 ਦਸੰਬਰ ਨੂੰ ਅਣਪਛਾਤੇ ਵਾਇਰਸ ਦਾ ਸੈਂਪਲ ਮਿਲਿਆ ਸੀ। ਇਸ ਦੇ ਬਾਅਦ 2 ਜਨਵਰੀ ਨੂੰ ਵਾਇਰਸ ਦਾ ਜੀਨੋਮ ਪਤਾ ਲਗਾਇਆ ਗਿਆ ਅਤੇ ਫਿਰ 11 ਜਨਵਰੀ ਨੂੰ ਉਸ ਨੂੰ ਵਿਸ਼ਵ ਸਿਹਤ ਸੰਗਠਨ ਨੂੰ ਸੌਂਪ ਦਿੱਤਾ ਗਿਆ। ਵਾਂਗ ਨੇ ਦਾਅਵਾ ਕੀਤਾ ਕਿ ਦਸੰਬਰ ਵਿਚ ਸੈਂਪਲ ਮਿਲਣ ਤੋਂ ਪਹਿਲਾਂ ਉਹਨਾਂ ਦੀ ਟੀਮ ਦਾ ਕਦੇ ਵੀ ਅਜਿਹੇ ਵਾਇਰਸ ਨਾਲ ਸਾਹਮਣਾ ਨਹੀਂ ਹੋਇਆ ਸੀ। ਵਾਂਗ ਨੇ ਕਿਹਾ,''ਬਾਕੀਆਂ ਵਾਂਗ ਸਾਨੂੰ ਵੀ ਵਾਇਰਸ ਦੀ ਮੌਜੂਦਗੀ ਦੇ ਬਾਰੇ ਵਿਚ ਪਤਾ ਨਹੀਂ ਸੀ। ਫਿਰ ਅਜਿਹੇ ਵਿਚ ਇਹ ਲੈਬ ਵਿਚੋਂ ਕਿਵੇਂ ਲੀਕ ਹੋ ਸਕਦਾ ਹੈ ਜਦੋਂ ਇਹ ਸਾਡੇ ਕੋਲ ਹੈ ਹੀ ਨਹੀਂ ਸੀ।''
 

Vandana

This news is Content Editor Vandana