ਨਵੇਂ ਕਾਨੂੰਨ ਨੂੰ ਲੈ ਕੇ ਚੀਨ, ਅਮਰੀਕੀ ਨੌ-ਸੈਨਾ ਦਾ ਹਾਂਗਕਾਂਗ ਦੌਰਾ ਕੀਤਾ ਰੱਦ

12/02/2019 11:52:14 PM

ਹਾਂਗਕਾਂਗ - ਚੀਨ ਨੇ ਸੋਮਵਾਰ ਨੂੰ ਆਖਿਆ ਕਿ ਉਸ ਨੇ ਅਮਰੀਕੀ ਨੌ-ਸੈਨਾ (ਨੇਵੀ) ਦੇ ਹਾਂਗਕਾਂਗ ਦੌਰੇ ਨੂੰ ਰੱਦ ਕਰਨ ਦੇ ਨਾਲ ਹੀ ਅਮਰੀਕਾ ਦੇ ਕਈ ਲੋਕਤੰਤਰ ਸਮਰਥਕ ਸੰਗਠਨਾਂ 'ਤੇ ਵੀ ਪਾਬੰਦੀ ਲਗਾਈ ਹੈ ਇਹ ਕਦਮ ਅਰਧ-ਖੁਦਮੁਖਤਿਆਰੀ ਖੇਤਰ 'ਚ ਮਨੁੱਖੀ ਅਧਿਕਾਰ ਦੇ ਸਮਰਥਨ ਨਾਲ ਜੁੜੇ ਇਕ ਕਾਨੂੰਨ 'ਤੇ ਹਸਤਾਖਰ ਕਰਨ ਨੂੰ ਲੈ ਕੇ ਚੁੱਕਿਆ ਹੈ। ਪਾਬੰਦੀ ਬਾਰੇ ਇਸ ਕੁਝ ਸਪੱਸ਼ਟ ਨਹੀਂ ਹੈ ਪਰ ਅਜਿਹਾ ਲੱਗਦਾ ਹੈ ਕਿ ਇਹ ਕਦਮ ਉਸ ਚੀਨੀ ਧਮਕੀ ਦੇ ਸਮਰਥਨ 'ਚ ਚੁੱਕਿਆ ਗਿਆ ਹੈ, ਜਿਸ 'ਚ ਆਖਿਆ ਗਿਆ ਸੀ ਕਿ ਅਮਰੀਕਾ ਨੂੰ ਇਸ ਫੈਸਲੇ ਦਾ ਅੰਜ਼ਾਮ ਭੁਗਤਣਾ ਹੋਵੇਗਾ।

ਵਿਦੇਸ਼ ਮੰਤਰਾਲੇ ਦੀ ਬੁਲਾਰੀ ਹੁਆ ਚੁਨਯਿੰਗ ਨੇ ਆਖਿਆ ਕਿ ਇਹ ਕਦਮ ਅਮਰੀਕਾ ਦੇ ਤਰਕਹੀਣ ਵਿਵਹਾਰ ਦੇ ਜਵਾਬ 'ਚ ਹੈ। ਉਨ੍ਹਾਂ ਆਖਿਆ ਕਿ ਹਾਂਗਕਾਂਗ ਮਨੁੱਖੀ ਅਧਿਕਾਰ ਅਤੇ ਲੋਕਤੰਤਰ ਐਕਟ ਚੀਨ ਦੇ ਅੰਦਰੂਨੀ ਮਾਮਲਿਆਂ 'ਚ ਗੰਭੀਰ ਦਖਲਅੰਦਾਜ਼ੀ ਹੈ। ਉਨ੍ਹਾਂ ਨੇ ਬੀਜ਼ਿੰਗ 'ਚ ਮੀਡੀਆ ਬ੍ਰਿਫਿੰਗ 'ਚ ਆਖਿਆ ਕਿ ਚੀਨ, ਅਮਰੀਕਾ ਤੋਂ ਆਪਣੀ ਗਲਤੀ ਸੁਧਾਰਣ ਅਤੇ ਹਾਂਗਕਾਂਗ, ਚੀਨ ਦੇ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਕਰਨ ਵਾਲੇ ਕਿਸੇ ਵੀ ਸ਼ਬਦ ਨੂੰ ਬੋਲਣ ਜਾਂ ਕਾਰਵਾਈ ਤੋਂ ਬਚੇ। ਇਸ ਕਾਨੂੰਨ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਹਫਤੇ ਹਸਤਾਖਰ ਕੀਤੇ ਸਨ। ਇਹ ਚੀਨ ਅਤੇ ਹਾਂਗਕਾਂਗ ਦੇ ਉਨ੍ਹਾਂ ਅਧਿਕਾਰੀਆਂ 'ਤੇ ਪਾਬੰਦੀ ਦੀ ਗੱਲ ਕਰਦਾ ਹੈ ਜੋ ਮਨੁੱਖੀ ਅਧਿਕਾਰ ਦਾ ਉਲੰਘਣ ਕਰਦੇ ਹਨ। ਇਸ ਦੇ ਨਾਲ ਹੀ ਇਸ 'ਚ ਵਾਸ਼ਿੰਗਟਨ ਵੱਲੋਂ ਹਾਂਗਕਾਂਗ ਨੂੰ ਦਿੱਤੇ ਗਏ ਤਰਜ਼ੀਹੀ ਕਾਰੋਬਾਰੀ ਸਹਿਯੋਗੀ ਦੇ ਦਰਜੇ ਦੀ ਹਰ ਸਾਲ ਸਮੀਖਿਆ ਦੀ ਵੀ ਗੱਲ ਹੈ। ਹੁਆ ਨੇ ਆਖਿਆ ਕਿ ਅਮਰੀਕੀ ਜੰਗੀ ਬੇੜਿਆਂ ਅਤੇ ਜਹਾਜ਼ਾਂ ਦੇ ਅਧਿਕਾਰਕ ਦੌਰੇ ਨੂੰ ਮੁਅੱਤਲ ਕਰਨ ਦੇ ਨਾਲ ਹੀ ਚੀਨ ਨੇ ਨੈਸ਼ਨਲ ਐਨਡੋਵਮੈਂਟ ਫਾਰ ਡੈਮੋਕ੍ਰੇਸੀ, ਨੈਸ਼ਨਲ ਡੈਮੋਕ੍ਰੇਟਿਕ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਅਫੇਅਰਸ, ਹਿਊਮਨ ਰਾਈਟਸ ਵਾਚ, ਇੰਟਰਨੈਸ਼ਨਲ ਰਿਪਬਲਿਕਨ ਇੰਸਟੀਚਿਊਟ ਜਿਹੇ ਹੋਰ ਸੰਗਠਨਾਂ 'ਤੇ ਪਾਬੰਦੀ ਵੀ ਲਗਾਈ ਹੈ। ਹੁਆ ਨੇ ਆਖਿਆ ਕਿ ਉਨ੍ਹਾਂ ਨੇ ਹਾਂਗਕਾਂਗ 'ਚ ਅਸ਼ਾਂਤੀ ਦੌਰਾਨ ਖਰਾਬ ਪ੍ਰਦਰਸ਼ਨ ਕੀਤਾ।

Khushdeep Jassi

This news is Content Editor Khushdeep Jassi