ਚੀਨ : ਸਰਕਾਰ ਵੱਲੋਂ ਦੇਸ਼ ''ਚ ਸਵਦੇਸ਼ੀ ਤਕਨਾਲੋਜੀ ਲਾਗੂ ਕਰਨ ਦੇ ਆਦੇਸ਼

12/10/2019 2:07:40 PM

ਬੀਜਿੰਗ (ਬਿਊਰੋ): ਟਰੇਡ ਵਪਾਰ ਦੇ ਵਿਚ ਚੀਨ ਨੇ ਅਮਰੀਕਾ ਨੂੰ ਕਰਾਰਾ ਝਟਕਾ ਦੇਣ ਦੀ ਤਿਆਰੀ ਕਰ ਲਈ ਹੈ। ਚੀਨ ਨੇ ਪੱਛਮੀ ਤਕਨਾਲੋਜੀ ਅਤੇ ਉਸ ਨਾਲ ਜੁੜੇ ਕੰਪਿਊਟਰ ਉਪਕਰਨਾਂ ਨੂੰ ਦੇਸ਼ ਵਿਚੋਂ ਹਟਾਉਣ ਦਾ ਫੈਸਲਾ ਲਿਆ ਹੈ। ਰਿਪੋਰਟ ਮੁਤਾਬਕ ਸਰਕਾਰੀ ਆਦੇਸ਼ ਵਿਚ ਕਿਹਾ ਗਿਆ ਹੈ ਕਿ ਦਫਤਰਾਂ ਵਿਚ 2 ਤੋਂ 3 ਕਰੋੜ ਵਿਦੇਸ਼ੀ ਕੰਪਿਊਟਰ-ਉਪਕਰਨ ਬਦਲਣੇ ਹੋਣਗੇ। ਇਹ ਦੇਸ਼ ਦੇ ਸਰਕਾਰੀ-ਜਨਤਕ ਦਫਤਰਾਂ ਵਿਚ ਵਰਤੇ ਜਾ ਰਹੇ ਕੁੱਲ ਸਿਸਟਮ ਦਾ 30 ਫੀਸਦੀ ਹੈ। ਇਸ ਦੇ ਬਾਅਦ 2021 ਤੱਕ 50 ਫੀਸਦੀ ਅਤੇ ਬਾਕੀ ਬਚੇ 20 ਫੀਸਦੀ ਵਿਦੇਸ਼ੀ ਕੰਪਿਊਟਰ ਉਪਕਰਨਾਂ ਨੂੰ 2022 ਤੱਕ ਬਦਲੇ ਜਾਣ ਲਈ ਕਿਹਾ ਗਿਆ ਹੈ। 

ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਮੁਤਾਬਕ ਕਮਿਊਨਿਸਟ ਸਰਕਾਰ ਨੇ ਸਾਰੇ ਸਰਕਾਰੀ ਅਤੇ ਜਨਤਕ ਦਫਤਰਾਂ ਨੂੰ ਆਦੇਸ਼ ਦਿੱਤਾ ਹੈ ਕਿ ਉਹ ਆਉਣ ਵਾਲੇ 3 ਸਾਲ ਵਿਚ ਆਪਣੇ ਇੱਥੋਂ ਵਿਦੇਸ਼ੀ ਕੰਪਿਊਟਰ, ਉਹਨਾਂ ਦੇ ਉਪਕਰਨ (ਹਾਰਡਵੇਅਰ) ਅਤੇ ਸਾਫਟਵੇਅਰ ਹਟਾ ਦੇਣ। ਉਹਨਾਂ ਦੀ ਜਗ੍ਹਾ ਦੇਸ਼ ਵਿਚ ਬਣੇ ਕੰਪਿਊਟਰ-ਉਪਕਰਨ ਅਤੇ ਸਾਫਟਵੇਅਰ ਲਗਾਉਣ ਤਾਂ ਜੋ ਤਕਨਾਲੋਜੀ ਵਿਚ ਦੇਸ਼ ਆਤਮ ਨਿਰਭਰ ਹੋ ਸਕੇ। ਵਿਦੇਸ਼ੀ ਤਕਨਾਲੋਜੀ 'ਤੇ ਰੋਕ ਲਗਾਉਣ ਲਈ ਡੇਲ, ਐੱਚਪੀ, ਮਾਈਕ੍ਰੋਸੋਫਟ ਜਿਹੀਆਂ ਵੱਡੀਆਂ ਅਮਰੀਕੀ ਕੰਪਨੀਆਂ ਨੂੰ ਝਟਕਾ ਲੱਗੇਗਾ ਕਿਉਂਕਿ ਚੀਨ ਉਹਨਾਂ ਦੇ ਆਪਰੇਟਿੰਗ ਸਿਸਟਮ ਅਤੇ ਉਪਕਰਨਾਂ ਦੇ ਸਭ ਤੋਂ ਵੱਡੇ ਖਪਤਕਾਰਾਂ ਵਿਚੋਂ ਇਕ ਹੈ। ਮਾਹਰਾਂ ਦਾ ਕਹਿਣਾ ਹੈ ਕਿ ਟਰੇਡ ਵਾਰ ਹੁਣ ਤਕਨਾਲੋਜੀ 'ਕੋਲਡ ਵਾਰ' ਵਿਚ ਬਦਲ ਗਈ ਹੈ। 

ਪਹਿਲਾਂ ਅਮਰੀਕਾ ਨੇ ਚੀਨ ਦੀ ਤਕਨਾਲੋਜੀ ਨੂੰ ਸੀਮਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਇਸ ਸਾਲ ਮਈ ਦੇ ਸ਼ੁਰੂ ਵਿਚ ਅਮਰੀਕੀ ਕੰਪਨੀਆਂ ਨੂੰ ਚੀਨ ਦੀ ਦੂਰ ਸੰਚਾਰ ਕੰਪਨੀ ਹੁਆਵੇਈ ਦੇ ਨਾਲ ਕਾਰੋਬਾਰ ਕਰਨ 'ਤੇ ਰੋਕ ਲਗਾ ਦਿੱਤੀ ਸੀ।ਉਦੋਂ ਟਰੰਪ ਨੇ ਸਾਫ ਕਰ ਦਿੱਤਾ ਸੀ ਕਿ ਅਗਲੇ ਦੋ ਦਹਾਕਿਆਂ ਤੱਕ ਦੁਨੀਆ ਦੀਆਂ ਦੋ ਮਹਾਸ਼ਕਤੀਆਂ ਦੇ ਵਿਚ ਅਸਲੀ ਯੁੱਧ ਤਕਨਾਲੋਜੀ ਨੂੰ ਲੈ ਕੇ ਹੋਵੇਗਾ। ਇਸ ਦੇ ਬਾਅਦ ਗੂਗਲ, ਇੰਟੇਲ ਅਤੇ ਕਵਾਲਕਾਮ ਨੇ ਹੁਆਵੇਈ ਦੇ ਨਾਲ ਕਾਰੋਬਾਰ ਬੰਦ ਕਰਨ ਦਾ ਐਲ਼ਾਨ ਕੀਤਾ ਸੀ। ਚੀਨ ਲਈ 3 ਸਾਲ ਵਿਚ ਸਾਰੇ ਹਾਰਡਵੇਅਰ ਅਤੇ ਸਾਫਟਵੇਅਰ ਬਦਲਣਾ ਸਭ ਤੋਂ ਵੱਡੀ ਚੁਣੌਤੀ ਹੋਵੇਗੀ ਕਿਉਂਕਿ ਉਸ ਵਿਚ ਵਿੰਡੋਜ਼, ਮਾਈਕ੍ਰੋਸੋਫਟ ਜਿਹੀਆਂ ਵੱਡੀਆਂ ਅਮਰੀਕੀ ਕੰਪਨੀਆਂ ਦੇ ਸਾਫਟਵੇਅਰ ਵਰਤੇ ਜਾ ਰਹੇ ਹਨ। ਇਸ ਦੇ ਇਲਾਵਾ ਚੀਨ ਦੀ ਲੇਨੋਵੀ ਜਿਹੀਆਂ ਕੰਪਨੀਆਂ ਵੀ ਅਮਰੀਕੀ ਚਿਪ-ਪ੍ਰੋਸੈਸਰ ਵਰਤ ਰਹੀਆਂ ਹਨ। 

Vandana

This news is Content Editor Vandana