ਚੀਨ ''ਚ ਦੁਕਾਨਦਾਰਾਂ ਨੂੰ ਮਿਲੀ ਅਜੀਬ ਸਜ਼ਾ, ਤਸਵੀਰਾਂ ਵਾਇਰਲ

08/14/2019 9:26:38 AM

ਬੀਜਿੰਗ (ਬਿਊਰੋ)— ਚੀਨ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅਕਸਰ ਟੀਚਾ ਪੂਰਾ ਨਾ ਕਰ ਪਾਉਣ ਵਾਲੇ ਕਰਮਚਾਰੀਆਂ ਨੂੰ ਕੰਪਨੀਆਂ ਕਈ ਤਰੀਕੇ ਨਾਲ ਸਜ਼ਾ ਦਿੰਦੀਆਂ ਹਨ। ਇਨ੍ਹਾਂ ਵਿਚ ਜਿਵੇਂ ਤਰੱਕੀ ਨਾ ਦੇਣਾ, ਕਮਿਸ਼ਨ ਘੱਟ ਦੇਣਾ ਜਾਂ ਛੁੱਟੀਆਂ ਰੱਦ ਕਰ ਦੇਣਾ ਸ਼ਾਮਲ ਹੁੰਦਾ ਹੈ। ਚੀਨ ਵਿਚ ਇਕ ਕੰਪਨੀ ਨੇ ਤਾਂ ਹੱਦ ਹੀ ਪਾਰ ਕਰ ਦਿੱਤੀ। ਕੰਪਨੀ ਨੇ ਟੀਚਾ ਪੂਰਾ ਨਾ ਕਰ ਪਾਉਣ ਵਾਲੇ ਦੁਕਾਨਦਾਰਾਂ ਨੂੰ ਜਿਉਂਦੀ ਮੱਛੀ ਖਾਣ ਲਈ ਮਜਬੂਰ ਕੀਤਾ। ਇੰਨਾ ਹੀ ਨਹੀਂ ਉਨ੍ਹਾਂ ਨੂੰ ਸਜ਼ਾ ਦੇ ਤੌਰ 'ਤੇ ਮੁਰਗੇ ਦਾ ਖੂਨ ਵੀ ਪਿਲਾਇਆ ਗਿਆ।

ਮਾਮਲਾ ਚੀਨ ਦੇ ਗੁਇਝੋਊ ਸੂਬੇ ਦਾ ਹੈ। ਇਸ ਘਟਨਾ ਸਬੰਧੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਰਿਪੋਰਟਾਂ ਮੁਤਾਬਕ ਦੁਕਾਨਾਂ ਦੇ ਮਾਲਕਾਂ ਨੂੰ ਜਿਉਂਦੀਆਂ ਮੱਛੀਆਂ ਖਾਣ ਲਈ ਮਜਬੂਰ ਕੀਤਾ ਗਿਆ। ਉਨ੍ਹਾਂ ਨੂੰ ਤਲਾਬ ਦੀਆਂ ਮੱਛੀਆਂ ਦਿੱਤੀਆਂ ਗਈਆਂ ਸਨ। ਸਥਾਨਕ ਰਿਪੋਰਟਾਂ ਮੁਤਾਬਕ ਉਨ੍ਹਾਂ ਵਿਚੋਂ ਕਈ ਦੁਕਾਨਦਾਰਾਂ ਨੇ ਜਿਉਂਦੀ ਮੱਛੀ ਖਾਣ ਦੀ ਕੋਸ਼ਿਸ਼ ਕੀਤੀ ਪਰ ਬਾਅਦ ਵਿਚ ਉਹ ਸੜਕਾਂ 'ਤੇ ਉਲਟੀ ਕਰਨ ਲੱਗੇ। ਵੀਡੀਓ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਟੀਚਾ ਨਾ ਪੂਰਾ ਕਰਨ ਦੀ ਸਜ਼ਾ ਸੀ। 

ਇਸ ਘਟਨਾ ਬਾਰੇ ਜਾਣ ਕੇ ਕੁਝ ਲੋਕਾਂ ਨੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਫਟਕਾਰ ਲਗਾਈ ਹੈ। ਕਈ ਲੋਕਾਂ ਨੇ ਸੋਸ਼ਲ ਮੀਡੀਆ ਵਿਚ ਕੁਮੈਂਟ ਕੀਤੇ। ਇਕ ਯੂਜ਼ਰ ਨੇ ਲਿਖਿਆ ਕਿ ਇਸ ਨੂੰ ਖਾਣਾ ਚੰਗਾ ਨਹੀਂ ਕਿਉਂਕਿ ਕੱਚੀਆਂ ਮੱਛੀਆਂ ਦੇ ਪਰਜੀਵੀ ਉਨ੍ਹਾਂ ਦੇ ਸਰੀਰ ਵਿਚ ਪਹੁੰਚ ਸਕਦੇ ਹਨ। ਉੱਥੇ ਇਕ ਹੋਰ ਯੂਜ਼ਰ ਨੇ ਕਿਹਾ ਕਿ ਬਹੁਤ ਸਾਰੀਆਂ ਹੋਰ ਚੁਣੌਤੀਆਂ ਹਨ ਪਰ ਉਨ੍ਹਾਂ ਨੇ ਇਸ ਦੀ ਚੋਣ ਕੀਤੀ, ਪਤਾ ਨਹੀਂ ਉਨ੍ਹਾਂ ਦੇ ਮਨ ਵਿਚ ਕੀ ਚੱਲ ਰਿਹਾ ਹੈ। ਇਕ ਟੀਚਾ ਪੂਰਾ ਨਾ ਕਰ ਪਾਉਣ ਲਈ ਇਸ ਤਰ੍ਹਾਂ ਸਜ਼ਾ ਦਿੱਤੀ ਗਈ। ਇਹ 'ਬਕਵਾਸ' ਹੈ। 

ਕਈ ਲੋਕਾਂ ਨੇ ਇਸ ਸਜ਼ਾ ਨੂੰ ਪਸ਼ੂ ਦੁਰਵਿਵਹਾਰ ਵੀ ਕਿਹਾ। ਭਾਵੇਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਸ ਤਰ੍ਹਾਂ ਦੀ ਇਹ ਘਟਨਾ ਵਾਪਰੀ ਹੈ। ਇਸ ਤੋਂ ਪਹਿਲਾਂ ਇਕ ਚੀਨੀ ਕੰਪਨੀ ਨੇ ਆਪਣੇ ਅੰਡਰਪਰਫੌਮਿੰਗ ਕਰਮਚਾਰੀਆਂ ਨੂੰ ਸੜਕ 'ਤੇ ਗੋਡਿਆਂ ਭਾਰ ਚੱਲਣ ਲਈ ਮਜਬੂਰ ਕੀਤਾ ਸੀ। ਇਸ ਘਟਨਾ ਦੀ ਕਾਫੀ ਨਿੰਦਾ ਕੀਤੀ ਗਈ ਸੀ ਜਿਸ ਮਗਰੋਂ ਕੰਪਨੀ ਕੁਝ ਸਮੇਂ ਲਈ ਬੰਦ ਹੋ ਗਈ ਸੀ।

Vandana

This news is Content Editor Vandana