ਚੀਨ ''ਚ ਤੇਜ਼ ਤੂਫਾਨ ਦੀ ਦਸਤਕ, ਚਿਤਾਵਨੀ ਜਾਰੀ

08/09/2019 12:10:25 PM

ਬੀਜਿੰਗ (ਬਿਊਰੋ)— ਚੀਨ ਨੇ ਆਪਣੇ ਝਿਜਿਆਂਗ ਸੂਬੇ ਦੇ ਤੱਟੀ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਲਈ ਮੌਸਮ ਦੀ ਚਿਤਾਵਨੀ ਜਾਰੀ ਕੀਤੀ ਹੈ। ਚਿਤਾਵਨੀ ਵਿਚ ਕਿਹਾ ਗਿਆ ਹੈ ਕਿ ਕੁਝ ਘੰਟਿਆਂ ਦੇ ਅੰਦਰ ਹੀ ਇੱਥੇ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਚੀਨ ਦੇ ਮੌਸਮ ਵਿਭਾਗ ਦਾ ਦਾਅਵਾ ਹੈ ਕਿ ਟਾਈਫੂਨ ਲੀਕਿਮਾ ਨਾਲ ਸ਼ੰਘਾਈ ਅਤੇ ਆਲੇ-ਦੁਆਲੇ ਦੇ ਸੂਬਿਆਂ ਵਿਚ ਭਾਰੀ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਹ ਤੱਟੀ ਇਲਾਕਿਆਂ ਵਿਚ ਸਰਗਰਮ ਟਾਈਫੂਨ ਉੱਤਰ ਵੱਲ ਵੱਧ ਰਿਹਾ ਹੈ।

ਐਲਰਟ ਜਾਰੀ ਹੋਣ ਦੇ ਬਾਅਦ ਅਧਿਕਾਰੀਆਂ ਨੇ ਪ੍ਰਭਾਵਿਤ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਹੈ। ਰਾਜ ਵਿਚ ਟਰੇਨ ਅਤੇ ਹਵਾਈ ਉਡਾਣਾਂ ਨੂੰ ਮੁਲਤਵੀ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਝਿਜਿਆਂਗ ਵਿਚ ਕਿਸ਼ਤੀ ਸੇਵਾ ਵੀ ਰੱਦ ਕਰ ਦਿੱਤੀ ਗਈ ਹੈ। ਜਹਾਜ਼ਾਂ ਨੂੰ ਪੋਰਟ 'ਤੇ ਪਰਤਣ  ਲਈ ਕਿਹਾ ਗਿਆ ਹੈ। ਇਸ ਦੇ ਨਾਲ ਉੱਥੇ 200 ਸੈਲਾਨੀਆਂ ਨੂੰ ਬੀਜੀ ਟਾਪੂ ਤੋਂ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਭੇਜ ਦਿੱਤਾ ਗਿਆ ਹੈ। 

ਚੀਨ ਦੇ ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਨੇ ਕਿਹਾ ਕਿ ਲੀਕਿਮਾ 209 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਅੱਗੇ ਵੱਧ ਰਿਹਾ ਹੈ। ਰਾਜ ਦੇ ਹੜ੍ਹ ਕੰਟਰੋਲ ਅਤੇ ਸੋਕਾ ਰਾਹਤ ਹੈੱਡਕੁਆਰਟਰ ਨੇ ਬੁੱਧਵਾਰ ਨੂੰ ਝਿਜਿਆਂਗ, ਫੁਜੀਆਨ, ਜਿਆਂਗਸੁ ਅਤੇ ਸ਼ੰਘਾਈ ਦੀਆਂ ਨਗਰ ਪਾਲਿਕਾਵਾਂ ਨੂੰ ਇਕ ਫਾਰਮੈਟ ਜਾਰੀ ਕੀਤਾ ਹੈ। ਜਿਸ ਵਿਚ ਅਧਿਕਾਰੀਆਂ ਨੂੰ ਕਿਸੇ ਵੀ ਕੁਦਰਤੀ ਆਫਤ ਨਾਲ ਨਜਿੱਠਣ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ। ਸ਼ੁੱਕਰਵਾਰ ਨੂੰ ਟਾਈਫੂਨ ਤਾਈਵਾਨ ਦੇ ਤੱਟੀ ਇਲਾਕਿਆਂ ਵਿਚ ਸਰਗਰਮ ਸੀ। ਇਸ ਕਾਰਨ ਇੱਥੇ ਜਨਜੀਵਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਤੂਫਾਨ ਕਾਰਨ ਸਰਕਾਰੀ ਅਤੇ ਪ੍ਰਾਈਵੇਟ ਦਫਤਰਾਂ ਸਮੇਤ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ।

Vandana

This news is Content Editor Vandana