ਕੋਰੋਨਾਵਾਇਰਸ ਮਰੀਜ਼ ਦੀ ਸਥਿਤੀ ''ਚ ਸੁਧਾਰ, ਖੁਸ਼ੀ ਨਾਲ ਨੱਚੇ ਮੈਡੀਕਲ ਕਰਮੀ (ਵੀਡੀਓ)

02/27/2020 11:35:34 AM

ਬੀਜਿੰਗ (ਬਿਊਰੋ): ਚੀਨ ਸਮੇਤ ਦੁਨੀਆ ਦੇ ਕਈ ਦੇਸ਼ ਜਾਨਲੇਵਾ ਕੋਰੋਨਾਵਾਇਰਸ ਨਾਲ ਜੂਝ ਰਹੇ ਹਨ। ਇਸ ਬੀਮਾਰੀ ਨਾਲ ਪੀੜਤ ਕਿਸੇ ਮਰੀਜ਼ ਦਾ ਠੀਕ ਹੋਣਾ ਕੋਈ ਯੁੱਧ ਜਿੱਤਣ ਨਾਲੋਂ ਘੱਟ ਨਹੀਂ। ਅਜਿਹੇ ਵਿਚ ਇਕ ਮਰੀਜ਼ ਦੀ ਸਿਹਤ ਵਿਚ ਸੁਧਾਰ ਹੋਣ 'ਤੇ ਖੁਸ਼ੀ ਜ਼ਾਹਰ ਕਰਦਿਆਂ ਮੈਡੀਕਲ ਕਰਮੀਆਂ ਦਾ ਵੀਡੀਓ ਵਾਇਰਲ ਹੋਇਆ ਹੈ। ਵੀਡੀਓ ਵਿਚ ਦੋ ਮੈਡੀਕਲ ਕਰਮੀ ਬਹੁਤ ਮਜ਼ੇ ਨਾਲ ਨੱਚਦੇ ਦਿੱਸ ਰਹੇ ਹਨ। 

ਪੀਪਲਜ਼ ਡੇਲੀ ਚਾਈਨਾ ਵੱਲੋਂ ਟਵੀਟ ਕੀਤੇ ਗਏ ਇਕ ਵੀਡੀਓ ਵਿਚ ਦੋ ਮੈਡੀਕਲ ਕਰਮੀ ਹਸਪਤਾਲ ਤੋਂ ਬਾਹਰ ਆਉਂਦੇ ਹਨ ਅਤੇ ਕੈਮਰਾ ਦੇਖ ਕੇ ਮਸਤ ਅੰਦਾਜ਼ ਵਿਚ ਨੱਚਣ ਲੱਗਦੇ ਹਨ। ਡਾਕਟਰਾਂ ਦੀ ਇਸ ਸਫਲਤਾ 'ਤੇ ਲੋਕ ਜ਼ਬਰਦਸਤ ਕੁਮੈਂਟ ਕਰ ਰਹੇ ਹਨ। ਲੋਕ ਕੁਮੈਂਟ ਵਿਚ ਚੀਨ ਲਈ ਪ੍ਰਾਰਥਨਾ ਵੀ ਕਰ ਰਹੇ ਹਨ। ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।

 

ਚੀਨ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 2,744 ਹੋ ਗਈ ਹੈ ਅਤੇ ਇਸ ਦੇ ਪੁਸ਼ਟੀ ਕੀਤੇ ਮਾਮਲਿਆਂ ਦੀ ਗਿਣਤੀ 78,000 ਦੇ ਪਾਰ ਹੋ ਚੁੱਕੀ ਹੈ। ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬੁੱਧਵਾਰ ਨੂੰ ਕਿਹਾ ਕਿ ਵਾਇਰਸ ਪ੍ਰਭਾਵਿਤ ਵੁਹਾਨ ਸ਼ਹਿਰ ਦੀ ਸਥਿਤੀ ਚਿੰਤਾਯੋਗ ਬਣੀ ਹੋਈ ਹੈ ਭਾਵੇਂ ਵਾਇਰਸ ਪ੍ਰਭਾਵਿਤ ਮਾਮਲਿਆਂ ਦੀ ਗਿਣਤੀ ਵਿਚ ਕਮੀ ਆਈ ਹੈ। ਕੋਰੋਨਾਵਾਇਰਸ ਦਾ ਖਤਰਾ ਪੂਰੀ ਦੁਨੀਆ ਵਿਚ ਫੈਲਦਾ ਜਾ ਰਿਹਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਊ.ਐੱਚ.ਓ.) ਨੇ ਕਿਹਾ ਕਿ ਚੀਨ ਦੇ ਬਾਹਰ ਕੋਰੋਨਾਵਾਇਰਸ ਦੇ ਨਵੇਂ ਮਾਮਲੇ ਵੱਧਦੇ ਜਾ ਰਹੇ ਹਨ। 

ਡਬਲਊ.ਐੱਚ.ਓ. ਦੇ ਮੁਖੀ ਟੇਡ੍ਰੋਸ ਅਧਾਨੋਮ ਘੇਬਰੇਯੇਸਸ ਨੇ ਜੈਨੇਵਾ ਵਿਚ ਕਿਹਾ,''25 ਫਰਵਰੀ ਨੂੰ ਪਹਿਲੀ ਵਾਰ ਚੀਨ ਵਿਚ ਜਿੰਨੇ ਮਾਮਲੇ ਸਾਹਮਣੇ ਆਏ, ਉਸ ਨਾਲੋਂ ਜ਼ਿਆਦਾ ਮਾਮਲੇ ਚੀਨ ਦੇ ਬਾਹਰ ਸਾਹਮਣੇ ਆਏ ਹਨ।'' ਸੰਯੁਕਤ ਰਾਸ਼ਟਰ ਸਿਹਤ ਏਜੰਸੀ ਨੇ ਦੱਸਿਆ ਕਿ ਮੰਗਲਵਾਰ (25 ਫਰਵਰੀ) ਨੂੰ ਚੀਨ ਵਿਚ 411 ਨਵੇਂ ਮਾਮਲੇ ਸਾਹਮਣੇ ਆਏ ਜਦਕਿ ਦੇਸ਼ ਦੇ ਬਾਹਰ 427 ਮਾਮਲੇ ਸਾਹਮਣੇ ਆਏ।

Vandana

This news is Content Editor Vandana