ਚੀਨ ਨੇ ਪਹਿਲੀ ਵਾਰ ਜਹਾਜ਼ ਤੋਂ ਲਾਂਚ ਕੀਤਾ ਰਾਕੇਟ, ਪੁਲਾੜ ''ਚ ਭੇਜੇ 7 ਉਪਗ੍ਰਹਿ

06/05/2019 2:21:26 PM

ਬੀਜਿੰਗ (ਬਿਊਰੋ)— ਚੀਨ ਨੇ ਬੁੱਧਵਾਰ ਨੂੰ ਪਹਿਲੀ ਵਾਰ ਸਫਲਤਾਪੂਰਵਕ ਜਹਾਜ਼ ਜ਼ਰੀਏ ਸਮੁੰਦਰ ਤੋਂ ਰਾਕੇਟ ਲਾਂਚ ਕੀਤਾ। ਇਹ ਜਾਣਕਾਰੀ ਸਥਾਨਕ ਮੀਡੀਆ ਨੇ ਦਿੱਤੀ। ਇਹ ਕਦਮ ਉਸ ਦੇ ਅਭਿਲਾਸ਼ੀ ਪੁਲਾੜ ਪ੍ਰੋਗਰਾਮ ਦਾ ਹਿੱਸਾ ਹੈ। ਲੌਂਗ ਮਾਰਚ 11 ਰਾਕੇਟ ਨੂੰ ਦੁਪਹਿਰ ਦੇ ਠੀਕ ਬਾਅਦ 'ਯੇਲੋ ਸੀ' ਵਿਚ ਇਕ ਵੱਡੇ ਅਰਧ-ਪਣਡੁੱਬੀ ਜਹਾਜ਼ ਦੇ ਜ਼ਰੀਏ ਲਾਂਚ ਕੀਤਾ ਗਿਆ।

ਇਸ ਛੋਟੇ ਰਾਕੇਟ ਨਾਲ ਸਪੇਸ ਵਿਚ 7 ਉਪਗ੍ਰਹਿਆਂ ਨੂੰ ਭੇਜਿਆ ਗਿਆ ਹੈ। ਜਿਸ ਵਿਚ ਇਕ ਅਜਿਹਾ ਉਪਗ੍ਰਹਿ ਵੀ ਸ਼ਾਮਲ ਹੈ ਜੋ ਸਮੁੰਦਰੀ ਸਤਹਿ ਦੀਆਂ ਹਵਾਵਾਂ ਨੂੰ ਮਾਪ ਕੇ ਪਹਿਲਾਂ ਹੀ ਤੂਫਾਨ ਆਉਣ ਦੀ ਜਾਣਕਾਰੀ ਦੇ ਦੇਵੇਗਾ। ਇਸ ਰਾਕੇਟ ਨੂੰ ਅਜਿਹਾ ਬਣਾਇਆ ਗਿਆ ਹੈ ਜਿਸ ਨੂੰ ਤੁਰੰਤ ਤਾਇਨਾਤ ਕੀਤਾ ਜਾ ਸਕੇਗਾ। ਰਾਕੇਟ ਦੋ ਸੰਚਾਰ ਉਪਗ੍ਰਹਿਆਂ ਨੂੰ ਵੀ ਆਪਣੇ ਨਾਲ ਲੈ ਕੇ ਗਿਆ ਜੋ ਚੀਨ 125 ਨਾਲ ਸਬੰਧਤ ਹੈ। ਇਹ ਇਕ ਬੀਜਿੰਗ ਸਥਿਤ ਤਕਨੀਕੀ ਕੰਪਨੀ ਹੈ ਜੋ ਗਲੋਬਲ ਡਾਟਾ ਨੈੱਟਵਰਕਿੰਗ ਸੇਵਾਵਾਂ ਪ੍ਰਦਾਨ ਕਰਨ ਲਈ ਸੈਂਕੜੇ ਉਪਗ੍ਰਹਿਆਂ ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। 

ਹਾਲ ਹੀ ਦੇ ਸਾਲਾਂ ਵਿਚ ਚੀਨ ਨੇ ਆਪਣੇ ਪੁਲਾੜ ਪ੍ਰੋਗਰਾਮ ਨੂੰ ਉੱਚ ਤਰਜੀਹ ਬਣਾਇਆ ਹੋਇਆ ਹੈ ਕਿਉਂਕਿ ਉਹ ਅਮਰੀਕਾ ਦੇ ਬਰਾਬਰ ਪਹੁੰਚਣਾ ਚਾਹੁੰਦਾ ਹੈ ਅਤੇ ਸਾਲ 2030 ਤੱਕ ਪੁਲਾੜ  ਤਾਕਤ ਦੇ ਰੂਪ ਵਿਚ ਖੁਦ ਨੂੰ ਸਥਾਪਿਤ ਕਰਨਾ ਚਾਹੁੰਦਾ ਹੈ। ਬੀਜਿੰਗ ਅਗਲੇ ਸਾਲ ਖੁਦ ਦੇ ਮਨੁੱਖੀ ਪੁਲਾੜ ਸਟੇਸ਼ਨ ਦਾ ਨਿਰਮਾਣ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਭਾਵੇਂਕਿ ਚੀਨ ਦਾ ਕਹਿਣਾ ਹੈ ਕਿ ਉਸ ਦੀਆਂ ਇੱਛਾਵਾਂ ਪੂਰੀ ਤਰ੍ਹਾਂ ਨਾਲ ਸ਼ਾਂਤੀਪੂਰਨ ਹਨ।

Vandana

This news is Content Editor Vandana