ਕੋਰੋਨਾ ਦਾ ਕਹਿਰ, ਚੀਨ ''ਚ ਭਾਰਤੀ ਦੂਤਾਵਾਸ ਨੇ ਗਣਤੰਤਰ ਦਿਵਸ ਸਮਾਰੋਹ ਕੀਤਾ ਸੀਮਤ

01/18/2021 4:56:26 PM

ਬੀਜਿੰਗ (ਭਾਸ਼ਾ): ਚੀਨ ਦੀ ਰਾਜਧਾਨੀ ਬੀਜਿੰਗ ਸਥਿਤ ਭਾਰਤੀ ਦੂਤਾਵਾਸ ਨੇ ਬੀਜਿੰਗ ਅਤੇ ਉਸ ਦੇ ਆਲੇ-ਦੁਆਲੇ ਦੇ ਸੂਬਿਆਂ ਵਿਚ ਕੋਰੋਨਾ ਵਾਇਰਸ ਮਾਮਲੇ ਮੁੜ ਤੋਂ ਆਉਣ ਦੇ ਮੱਦੇਨਜ਼ਰ ਸੋਮਵਾਰ ਨੂੰ ਘੋਸ਼ਣਾ ਕੀਤੀ ਕਿ ਇਸ ਸਾਲ 26 ਜਨਵਰੀ ਨੂੰ ਗਣਤੰਤਰ ਦਿਹਾੜੇ 'ਤੇ ਝੰਡਾ ਲਹਿਰਾਉਣ ਦਾ ਪ੍ਰੋਗਰਾਮ ਸਿਰਫ ਉਸ ਦੇ ਕਰਮਚਾਰੀਆਂ ਤੱਕ ਹੀ ਸੀਮਤ ਹੋਵੇਗਾ। ਦੂਤਾਵਾਸ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਬੀਜਿੰਗ ਅਤੇ ਇਸ ਦੇ ਆਲੇ-ਦੁਆਲੇ ਦੇ ਸੂਬਿਆਂ ਹੇਬੇਈ ਅਤੇ ਹੇਇਲੋਂਗਜਿਯਾਂਗ ਵਿਚ ਕੋਵਿਡ-19 ਮਹਾਮਾਰੀ ਨਾਲ ਸਬੰਧਤ ਵਰਤਮਾਨ ਸਥਿਤੀ, ਪਾਬੰਦੀਆਂ ਤੇ ਕੰਟਰੋਲ ਉਪਾਵਾਂ ਨੂੰ ਦੇਖਦੇ ਹੋਏ ਝੰਡਾ ਲਹਿਰਾਉਣ ਦੀ ਰਸਮ ਸਿਰਫ ਦੂਤਾਵਾਸ ਦੇ ਅਧਿਕਾਰੀਆਂ ਦੀ ਹਿੱਸੇਦਾਰੀ ਦੇ ਨਾਲ ਆਯੋਜਿਤ ਕੀਤੀ ਜਾਵੇਗੀ। 

ਹਰੇਕ ਸਾਲ ਗਣਤੰਤਰ ਅਤੇ ਆਜ਼ਾਦੀ ਦਿਹਾੜੇ ਮੌਕੇ ਦੂਤਾਵਾਸ ਵਿਚ ਆਯੋਜਿਤ ਹੋਣ ਵਾਲੀ ਝੰਡਾ ਲਹਿਰਾਉਣ ਦੀ ਰਸਮ ਵਿਚ ਬੀਜਿੰਗ ਅਤੇ ਆਲੇ-ਦੁਆਲੇ ਦੇ ਸੂਬਿਆਂ ਤੋਂ ਵੱਡੀ ਗਿਣਤੀ ਵਿਚ ਭਾਰਤੀ ਪ੍ਰਵਾਸੀ ਸ਼ਾਮਲ ਹੁੰਦੇ ਹਨ। ਇੱਥੋਂ ਦੇ ਅਧਿਕਾਰਤ ਮੀਡੀਆ ਦੇ ਮੁਤਾਬਕ, ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਮੁੜ ਸਾਹਮਣੇ ਆਉਣ ਦੇ ਵਿਚ ਚੀਨ ਦੇ 11 ਖੇਤਰਾਂ ਵਿਚ ਤਾਲਾਬੰਦੀ ਹੈ। ਉੱਧਰ ਵਿਸ਼ਵ ਸਿਹਤ ਸੰਗਠਨ ਦੇ ਅੰਤਰਰਾਸ਼ਟਰੀ ਮਾਹਰਾਂ ਦੀ ਇਕ ਟੀਮ ਵੁਹਾਨ ਆਈ ਹੈ ਜਿੱਥੇ ਜਾਨਲੇਵਾ ਵਾਇਰਸ ਕੋਰੋਨਾ ਸਭ ਤੋਂ ਪਹਿਲਾਂ ਸਾਹਮਣੇ ਆਇਆ ਸੀ। ਇਹ ਟੀਮ ਮਹਾਮਾਰੀ ਦੀ ਉਤਪਤੀ ਦੀ ਜਾਂਚ ਕਰਨ ਲਈ ਆਈ ਹੈ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ (ਐੱਨ.ਐੱਚ.ਸੀ.) ਨੇ ਸੋਮਵਾਰ ਨੂੰ ਦੱਸਿਆ ਕਿ ਕੋਵਿਡ-19 ਦੇ 109ਨਵੇਂ ਮਾਮਲੇ ਸਾਹਮਣੇ ਆਏ ਹਨ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।

Vandana

This news is Content Editor Vandana