ਸਾਵਧਾਨ! ਚੀਨ ''ਚ ਫੈਲਿਆ ਜਾਨਲੇਵਾ ਵਾਇਰਸ, ਖਤਰੇ ''ਚ ਦੁਨੀਆ

01/15/2020 4:22:42 PM

ਬੀਜਿੰਗ (ਬਿਊਰੋ): ਚੀਨ ਵਿਚ ਇਨੀ ਦਿਨੀਂ ਖਤਰਨਾਕ ਜਾਨਲੇਵਾ ਵਾਇਰਸ ਫੈਲਿਆ ਹੋਇਆ ਹੈ। ਇਸ ਕਾਰਨ ਹੁਣ ਤੱਕ ਸਿਰਫ ਇਕ ਮੌਤ ਹੋਈ ਹੈ ਪਰ ਇਸ ਵਾਇਰਸ ਦੇ ਤੇਜ਼ੀ ਨਾਲ ਫੈਲਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ। ਹੁਣ ਤੱਕ ਇਸ ਨਾਲ ਕੁੱਲ 41 ਲੋਕ ਇਨਫੈਕਟਿਡ ਹੋ ਚੁੱਕੇ ਹਨ, ਜਿਹਨਾਂ ਵਿਚੋਂ 7 ਲੋਕਾਂ ਦੀ ਹਾਲਤ ਬਹੁਤ ਗੰਭੀਰ ਹੈ। ਇਸ ਜਾਨਲੇਵਾ ਵਾਇਰਸ ਦਾ ਨਾਮ ਕੋਰੋਨੋਵਾਇਰਸ (Coronavirus) ਹੈ।

ਚੀਨ ਦੇ ਵੁਹਾਨ ਸ਼ਰਿਹ ਵਿਚ ਕੋਰੋਨਾਵਾਇਰਸ ਕਾਰਨ ਲੋਕਾਂ ਨੂੰ ਨਿਮੋਨੀਆ ਹੋ ਰਿਹਾ ਹੈ। ਬੀਮਾਰ 41 ਲੋਕਾਂ ਦੇ ਸੰਪਰਕ ਵਿਚ ਆਏ 419 ਡਾਕਟਰਾਂ ਸਮੇਤ ਕਰੀਬ 740 ਲੋਕਾਂ ਨੂੰ ਨਿਗਰਾਨੀ ਵਿਚ ਰੱਖਿਆ ਗਿਆ ਹੈ। ਵੁਹਾਨ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਸ ਸਮੇਂ ਸ਼ਹਿਰ ਰਹੱਸਮਈ ਨਿਮੋਨੀਆ ਦੀ ਪਕੜ ਵਿਚ ਹੈ। ਵਿਸ਼ਵ ਸਿਹਤ ਸੰਗਠਨ ਨੇ ਵੀ ਦੁਨੀਆ ਭਰ ਦੇ ਦੇਸ਼ਾਂ ਨੂੰ ਇਸ ਵਾਇਰਸ ਤੋਂ ਸਾਵਧਾਨ ਰਹਿਣ ਦੀ ਚਿਤਾਵਨੀ ਜਾਰੀ ਕੀਤੀ ਹੈ। 

ਨਵੇਂ ਸਾਲ ਦੀ ਸ਼ੁਰੂਆਤ ਵਿਚ ਬਹੁਤ ਸਾਰੇ ਲੋਕ ਚੀਨ ਤੋਂ ਘੁੰਮਣ ਲਈ ਜਾਂਦੇ ਹਨ। ਕੁਝ ਲੋਕ ਥਾਈਲੈਂਡ ਵੀ ਗਏ ਹਨ। ਹੁਣ ਥਾਈਲੈਂਡ ਵਿਚ ਵੀ ਇਕ ਵਿਅਕਤੀ ਇਸ ਵਾਇਰਸ ਨਾਲ ਇਨਫੈਕਟਿਡ ਮਿਲਿਆ ਹੈ ਜਿਸ ਨੂੰ ਹਸਪਤਾਲ ਵਿਚ ਆਈਸੋਲੇਟਿਡ ਵਾਰਡ ਵਿਚ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ 2003 ਵਿਚ ਹੀ ਚੀਨ ਤੋਂ ਸਾਰਸ (Severe Acute Respiratory Syndrome - SARS) ਨਾਮ ਦੀ ਬੀਮਾਰੀ ਫੈਲੀ ਸੀ।ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਮੁਤਾਬਕ ਸਾਰਸ ਕਾਰਨ ਪੂਰੀ ਦੁਨੀਆ ਵਿਚ 813 ਮੌਤਾਂ ਹੋਈਆਂ ਸਨ, ਜਿਸ ਵਿਚੋ ਸਿਰਫ ਚੀਨ ਵਿਚ 646 ਲੋਕ ਮਰੇ ਸਨ। ਸਾਰਸ ਨਾਲ ਬੀਮਾਰ ਕਰੀਬ 7000 ਮਰੀਜ਼ਾਂ ਵਿਚੋਂ ਕਰੀਬ 15 ਫੀਸਦੀ ਲੋਕਾਂ ਦੀ ਮੌਤ ਹੋ ਗਈ ਸੀ। ਇਸ ਸਮੇਂ ਕਈ ਲੋਕ ਇਸ ਨਵੇਂ ਵਾਇਰਸ ਨੂੰ ਵੀ ਸਾਰਸ ਨਾਲ ਜੋੜ ਕੇ ਦੇਖ ਰਹੇ ਹਨ। 

ਨਵੇਂ ਵਾਇਰਸ ਦੇ ਹਨ ਇਹ ਲੱਛਣ
ਚੀਨ ਦੇ ਵੁਹਾਨ ਵਿਚ ਫੈਲੇ ਕੋਰੋਨਾਵਾਇਰਸ ਨਿਮੋਨੀਆ ਦੇ ਲੱਛਣ ਹਨ- ਸੁੱਕੀ ਖੰਘ, ਬੁਖਾਰ ਅਤੇ ਥਕਾਵਟ। ਕਈ ਮਾਮਲਿਆਂ ਵਿਚ ਲੋਕਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਆਉਂਦੀ ਹੈ। ਜਾਂਚ ਦੇ ਬਾਅਦ ਪਤਾ ਚੱਲਿਆ ਹੈ ਕਿ ਸਮੁੰਦਰੀ ਭੋਜਨ (sea food) ਖਾਣ ਕਾਰਨ ਲੋਕਾਂ ਵਿਚ ਇਹ ਵਾਇਰਸ ਫੈਲਿਆ ਹੈ। ਫਿਲਹਾਲ ਵੁਹਾਨ ਵਿਚ ਸੀ-ਫੂਡ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।ਕੋਰੋਨਾਵਾਇਰਸ ਨਿਮੋਨੀਆ 25 ਜਨਵਰੀ ਨੂੰ ਪੈਣ ਵਾਲੇ ਲੂਨਰ ਨਿਊ ਯੀਅਰ ਦੀਆਂ ਛੁੱਟੀਆਂ ਤੋਂ ਪਹਿਲਾਂ ਫੈਲਿਆ ਹੈ। 

ਅਜਿਹੇ ਸਮੇਂ ਵਿਚ ਚੀਨ ਵਿਚ ਕਰੀਬ 4 5 ਕਰੋੜ ਲੋਕ ਟਰੇਨ ਅਤੇ ਕਰੀਬ 7.9 ਕਰੋੜ ਜਹਾਜ਼ਾਂ ਜ਼ਰੀਏ ਯਾਤਰਾ ਕਰਦੇ ਹਨ। ਅਜਿਹੇ ਵਿਚ ਚੀਨ ਦੇ ਅਧਿਕਾਰੀਆਂ ਨੂੰ ਖਦਸ਼ਾ ਹੈ ਕਿ ਇਹ ਬੀਮਾਰੀ ਦੁਨੀਆ ਦੀਆਂ ਬਾਕੀ ਥਾਵਾਂ 'ਤੇ ਫੈਲ ਸਕਦੀ ਹੈ। ਹੁਣ ਕਈ ਏਸ਼ੀਆਈ ਦੇਸ਼ ਨੇ ਵੁਹਾਨ ਅਤੇ ਬੈਂਕਾਕ ਤੋਂ ਆਉਣ-ਜਾਣ ਵਾਲੇ ਲੋਕਾਂ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਭਾਵੇਂਕਿ ਦੁਨੀਆ ਭਰ ਦੇ ਕਈ ਵਿਗਿਆਨੀਆਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਕੋਰੋਨਾਵਾਇਰਸ ਨਿਮੋਨੀਆ ਪਹਿਲਾਂ ਫੈਲੇ ਸਾਰਸ ਨਾਲ ਮੇਲ ਖਾਂਦਾ ਹੈ।

Vandana

This news is Content Editor Vandana