ਵਿਗਿਆਨੀਆਂ ਦਾ ਦਾਅਵਾ, ਸੱਪ ਨੇ ਫੈਲਾਇਆ ਜਾਨਲੇਵਾ ''ਕੋਰੋਨਾਵਾਇਰਸ''

01/23/2020 10:04:32 AM

ਬੀਜਿੰਗ (ਬਿਊਰੋ): ਚੀਨ ਦੇ ਵੁਹਾਨ ਵਿਚ ਕੋਰੋਨਾਵਾਇਰਸ ਦੇ ਕਾਰਨ ਹੁਣ ਤੱਕ 17 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਵਿਚ 22 ਜਨਵਰੀ ਤੱਕ ਕੋਰੋਨਾਵਾਇਰਸ ਨਾਲ ਇਨਫੈਕਟਿਡ 555 ਲੋਕ ਸਾਹਮਣੇ ਆਏ ਹਨ। ਇਹਨਾਂ ਵਿਚੋਂ 444 ਲੋਕ ਸਿਰਫ ਵੁਹਾਨ ਤੋਂ ਹਨ। 26 ਲੋਕ ਗੁਆਂਗਡੋਂਗ ਸੂਬੇ ਦੇ, 14 ਲੋਕ ਬੀਜਿੰਗ ਦੇ ਅਤੇ 9 ਲੋਕ ਸ਼ੰਘਾਈ ਵਿਚ ਇਨਫੈਕਟਿਡ ਹਨ। ਇਹ ਸਾਰੇ ਬੁਖਾਰ, ਸਾਹ ਲੈਣ ਵਿਚ ਮੁਸ਼ਕਲ ਅਤੇ ਨਿਮੋਨੀਆ ਨਾਲ ਪੀੜਤ ਹਨ। ਨਵਾਂ ਖੁਲਾਸਾ ਇਹ ਹੋ ਰਿਹਾ ਹੈ ਕਿ ਇਹ ਵਾਇਰਸ ਸੱਪ ਜ਼ਰੀਏ ਲੋਕਾਂ ਵਿਚ ਫੈਲਿਆ ਹੈ।

ਅੰਤਰਰਾਸ਼ਟਰੀ ਪੱਧਰ 'ਤੇ ਇਸ ਵਾਇਰਸ ਨੇ ਥਾਈਲੈਂਡ, ਜਾਪਾਨ, ਦੱਖਣੀ ਕੋਰੀਆ ਅਤੇ ਅਮਰੀਕਾ ਵਿਚ ਵੀ ਇਨਫੈਕਸ਼ਨ ਫੈਲਾ ਦਿੱਤਾ ਹੈ। ਹੁਣ ਚੀਨ ਦੇ ਇਕ ਵਿਗਿਆਨੀ ਨੇ ਇਹ ਦਾਅਵਾ ਕੀਤਾ ਹੈਕਿ ਕੋਰੋਨਾਵਾਇਰਸ ਸੱਪ ਜ਼ਰੀਏ ਲੋਕਾਂ ਵਿਚ ਫੈਲਿਆ ਹੈ। ਅਜਿਹਾ ਇਸ ਲਈ ਨਹੀਂ ਹੋਇਆ ਕਿ ਇੰਨੇ ਲੋਕਾਂ ਨੂੰ ਸੱਪ ਨੇ ਕੱਟਿਆ ਹੈ ਸਗੋਂ ਇਸ ਲਈ ਕਿਉਂਕਿ ਚੀਨ ਵਿਚ ਸੱਪ ਖਾਣ ਦੀ ਪਰੰਪਰਾ ਹੈ। ਚੀਨ ਦੇ ਵੁਹਾਨ ਵਿਚ ਅਜਿਹੇ ਜੀਵ-ਜੰਤੂਆਂ ਦਾ ਬਾਜ਼ਾਰ ਹੈ ਜਿੱਥੇ ਸੱਪ, ਚਮਗਾਦੜ, ਮੈਰਮੋਟਸ, ਪੰਛੀ, ਖਰਗੋਸ਼ ਆਦਿ ਵਿਕਦੇ ਹਨ। ਚੀਨੀ ਲੋਕ ਇਹਨਾਂ ਜੀਵਾਂ ਨੂੰ  ਖਾਂਦੇ ਹਨ। 

ਵਿਗਿਆਨੀਆਂ ਦਾ ਮੰਨਣਾ ਹੈਕਿ ਚਮਗਾਦੜ ਨਾਲ ਫੈਲਣ ਵਾਲਾ SARS (Severe Acute Respiratory Syndrome)ਦਾ ਵਾਇਰਸ ਸੱਪ ਜ਼ਰੀਏ ਲੋਕਾਂ ਵਿਚ ਫੈਲਿਆ। ਸਾਰਸ ਵਾਇਰਸ ਜਦੋਂ ਸੱਪ ਵਿਚ ਗਿਆ ਤਾਂ ਉਹ ਕੋਰੋਨਾਵਾਇਰਸ ਵਿਚ ਤਬਦੀਲ ਹੋ ਗਿਆ। ਸਾਰਸ ਦਾ ਤਾਂ ਇਲਾਜ ਹੈ ਪਰ ਸੱਪ ਦੇ ਸਰੀਰ ਵਿਚ ਬਣੇ ਕੋਰੇਨਾਵਾਇਰਸ ਦਾ ਕੋਈ ਇਲਾਜ ਹਾਲੇ ਤੱਕ ਨਹੀਂ ਮਿਲ ਪਾਇਆ ਹੈ। ਪੇਕਿੰਗ ਯੂਨੀਵਰਸਿਟੀ ਵਿਚ ਕੋਰੋਨਾਵਾਇਰਸ 'ਤੇ ਅਧਿਐਨ ਕਰਨ ਵਾਲੇ ਵਿਗਿਆਨੀ ਵੀ ਜੀ ਨੇ ਇਹ ਖੁਲਾਸਾ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਚਮਗਾਦੜ ਤੋਂ ਸੱਪ ਵਿਚ ਆਉਣ ਦੇ ਬਾਅਦ ਵਾਇਰਸ ਨੇ ਆਪਣੀ ਜੀਨੋਮ ਵਿਚ ਤਬਦੀਲੀ ਕਰ ਲਈ। ਇਸ ਨਾਲ ਇਹ ਬਹੁਤ ਖਤਰਨਾਕ ਹੋ ਗਿਆ ਹੈ।

ਵੀ ਜੀ ਨੇ ਵਿਭਿੰਨ ਜੀਵ-ਜੰਤੂਆਂ ਤੋਂ ਕੁੱਲ ਮਿਲਾ ਕੇ 217 ਵਾਇਰਸ ਦੇ ਸੈਂਪਲ ਲਏ ਸਨ। ਇਹਨਾਂ ਵਿਚ 5 ਸੈਂਪਲ ਕੋਰੋਨਾਵਾਇਰਸ ਦੇ ਸਨ। ਜਦੋਂ ਸਾਰੇ ਜੀਵਾਂ ਵਿਚ ਮਿਲਣ ਵਾਲੇ ਵਾਇਰਸ ਦੀ ਤੁਲਨਾ ਇਸ ਨਵੇਂ ਵਾਇਰਸ ਨਾਲ ਕੀਤੀ ਗਈ ਤਾਂ ਪਤਾ ਚੱਲਿਆ ਕਿ ਇਹ ਵਾਇਰਸ ਸੱਪਾਂ ਵਿਚ ਮਿਲ ਰਹੇ ਵਾਇਰਸ ਨਾਲ ਮੇਲ ਖਾਂਦਾ ਹੈ। ਵੀ ਜੀ ਦੀ ਗੱਲ ਦਾ ਸਮਰਥਨ ਕਰਦਿਆਂ ਪੇਂਸਿਲਵੇਨੀਆ ਸਥਿਤ ਪਿਟਸਬਰਗ ਯੂਨੀਵਰਸਿਟੀ ਦੇ ਪ੍ਰੋਫੈਸਰ ਹਾਈਤਾਓ ਗੁਓ ਨੇ ਦੱਸਿਆ ਕਿ ਇਹ ਖੁਲਾਸਾ ਬਹੁਤ ਹੈਰਾਨ ਕਰ ਦੇਣ ਵਾਲਾ ਹੈ। ਚਮਗਾਦੜ ਅਤੇ ਸੱਪ ਦੇ ਵਾਇਰਸ ਨੇ ਆਪਸ ਵਿਚ ਮਿਲ ਕੇ ਕੋਰੋਨਾਵਾਇਰਸ ਬਣਾਇਆ ਹੈ। ਸੀਏਟਲ ਸਥਿਤ ਵਾਸ਼ਿੰਗਟਨ ਯੂਨੀਵਰਸਿਟੀ ਦੇ ਪ੍ਰੋਫੈਸਰ ਪੀਟਰ ਰਾਬਿਨੋਵਿਟਜ਼ ਨੇ ਕਿਹਾ ਕਿ ਇਹ ਨਵੀਂ ਗੱਲ ਹੈ ਕਿ ਦੋ ਜੀਵਾਂ ਦੇ ਵਾਇਰਸ ਆਪਸ ਵਿਚ ਮਿਲ ਗਏ। ਹੁਣ ਇਹ ਹਵਾ ਅਤੇ ਭੋਜਨ ਜ਼ਰੀਏ ਇਨਸਾਨਾਂ ਵਿਚ ਫੈਲ ਚੁੱਕੇ ਹਨ। ਵਾਇਰਸ ਦਾ ਇਸ ਤਰ੍ਹਾਂ ਬਦਲਣਾ ਭਵਿੱਖ ਲਈ ਖਤਰਨਾਕ ਹੈ।

Vandana

This news is Content Editor Vandana