ਚੀਨ ਦੀ ਸਿੰਗੋਜੀਨ ਕੰਪਨੀ ਨੇ ਬਣਾਈ ਪਹਿਲੀ ''ਕਲੋਨ ਬਿੱਲੀ''

09/05/2019 5:09:00 PM

ਬੀਜਿੰਗ (ਬਿਊਰੋ)— ਚੀਨ ਦੀ ਸਿੰਗੋਜੀਨ (Sinogene) ਕੰਪਨੀ ਨੇ ਪਹਿਲੀ ਕਲੋਨ ਬਿੱਲੀ ਬਣਾਈ ਹੈ। ਇਸ ਕਲੋਨ ਬਿੱਲੀ ਦਾ ਜਨਮ 21 ਜੁਲਾਈ ਨੂੰ ਹੋਇਆ ਸੀ। ਇਹ ਗਾਰਲਿਕ ਨਾਮਕ ਪਾਲਤੂ ਬਿੱਲੀ ਦੀ ਪੂਰੀ ਨਕਲ ਹੈ। ਗਾਰਲਿਕ ਦੀ ਮੌਤ ਦੇ 7 ਮਹੀਨੇ ਬਾਅਦ ਇਹ ਕਲੋਨ ਬਿੱਲੀ ਪੈਦਾ ਹੋਈ। ਇਸ ਦੇ ਨਾਲ ਹੀ ਸਿੰਗੋਜੀਨ ਬੀਜਿੰਗ ਦੀ ਪਹਿਲੀ ਅਜਿਹੀ ਕੰਪਨੀ ਬਣ ਗਈ ਹੈ, ਜਿਸ ਨੇ ਬਿੱਲੀ ਦਾ ਕਲੋਨ ਬਣਾਇਆ। ਇਹ ਕੰਪਨੀ ਹੁਣ ਤੱਕ 40 ਤੋਂ ਵੱਧ ਪਾਲਤੂ ਕੁੱਤਿਆਂ ਦੇ ਕਲੋਨ ਤਿਆਰ ਕਰ ਚੁੱਕੀ ਹੈ। ਇਸ ਪ੍ਰਕਿਰਿਆ ਵਿਚ ਪ੍ਰਤੀ ਕਲੋਨ ਕਰੀਬ 53 ਹਜ਼ਾਰ ਡਾਲਰ ਮਤਲਬ ਕਰੀਬ 38 ਲੱਖ ਰੁਪਏ ਦੀ ਲਾਗਤ ਆਉਂਦੀ ਹੈ। ਜਦਕਿ ਇਕ ਬਿੱਲੀ ਤਿਆਰ ਕਰਨ ਵਿਚ 35 ਹਜ਼ਾਰ ਡਾਲਰ ਮਤਲਬ ਕਰੀਬ 25 ਲੱਖ ਰੁਪਏ ਖਰਚ ਹੋਏ।

ਸਿੰਗੋਜੀਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਮੀ ਜਿਡੋਂਗ ਨੇ ਕਿਹਾ,''ਜ਼ਿਆਦਾ ਕੀਮਤ ਹੋਣ ਦੇ ਬਾਵਜੂਦ ਮੰਗ ਘੱਟ ਨਹੀਂ ਹੈ। ਗਾਹਕਾਂ ਵਿਚ ਜ਼ਿਆਦਾਤਰ ਨੌਜਵਾਨ ਹੁੰਦੇ ਹਨ।'' ਆਪਣੀ ਪਾਲਤੂ ਬਿੱਲੀ ਦਾ ਕਲੋਨ ਤਿਆਰ ਕਰਾਉਣ ਵਾਲੇ 23 ਸਾਲਾ ਹੁਆਂਗ ਯੂ ਨੇ ਕਿਹਾ,''ਆਪਣੇ ਪਾਲਤੂ ਜਾਨਵਰਾਂ ਨੂੰ ਲੋਕ ਆਪਣੇ ਪਰਿਵਾਰ ਦੇ ਮੈਂਬਰ ਵਾਂਗ ਸਮਝਦੇ ਹਨ। ਨੌਜਵਾਨ ਪੀੜ੍ਹੀ ਦੀ ਇਸ ਭਾਵਨਾਤਮਕ ਲੋੜ ਨੂੰ ਪੈੱਟ ਕਲੋਨਿੰਗ ਪੂਰਾ ਕਰਦੀ ਹੈ। ਜਦੋਂ ਗਾਰਲਿਕ ਦੀ ਮੌਤ ਹੋਈ ਤਾਂ ਮੈਂ ਬਹੁਤ ਦੁਖੀ ਹੋ ਗਿਆ ਸੀ ਪਰ ਉਸ ਦਾ ਦੂਜਾ ਅਵਤਾਰ ਦੇਖ ਕੇ ਖੁਸ਼ ਹਾਂ। ਗਾਰਲਿਕ ਅਤੇ ਉਸ ਦੇ ਕਲੋਨ ਵਿਚ ਲੱਗਭਗ 90 ਫੀਸਦੀ ਸਮਾਨਤਾ ਹੈ।''

ਚੀਨ ਵਿਚ ਪਾਲਤੂ ਜਾਨਵਰਾਂ ਦਾ ਬਾਜ਼ਾਰ ਤੇਜ਼ੀ ਨਾਲ ਵੱਧ ਰਿਹਾ ਹੈ। ਪੈੱਟ ਫੇਅਰ ਏਸ਼ੀਆ ਦੇ ਮੁਤਾਬਿਕ ਚੀਨ ਵਿਚ ਪਾਲਤੂ ਜਾਨਵਰਾਂ ਨਾਲ ਸਬੰਧਤ ਖਰਚ 23.7 ਅਰਬ ਡਾਲਰ ਮਤਲਬ ਕਰੀਬ ਇਕ ਲੱਖ 70 ਹਜ਼ਾਰ ਕਰੋੜ ਰੁਪਏ ਸਲਾਨਾ ਤੱਕ ਪਹੁੰਚ ਚੁੱਕਾ ਹੈ। ਚੀਨੀ ਵਿਗਿਆਨੀ ਵੀ ਪਸ਼ੂਆਂ ਦੇ ਕਲੋਨ ਤਿਆਰ ਕਰਨ ਵਿਚ ਕਾਫੀ ਦਿਲਚਸਪੀ ਦਿਖਾ ਰਹੇ ਹਨ। ਚੀਨੀ ਅਕਾਦਮੀ ਆਫ ਸਾਈਂਸੇਜ ਦੇ ਮਾਹਰ ਚੇਨ ਡੇਯੁਆਨ ਮੁਤਾਬਕ ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਬਿੱਲੀਆਂ ਕਲੋਨ ਬੇਬੀ ਪਾਂਡਾ ਨੂੰ ਵੀ ਜਨਮ ਦੇ ਸਕਦੀਆਂ ਹਨ। ਡੇਯੁਆਨ ਪਾਂਡਾ ਦਾ ਕਲੋਨ ਬਣਾਉਣ ਦੀ ਪਿਛਲੇ 20 ਸਾਲਾਂ ਤੋਂ ਕੋਸ਼ਿਸ਼ ਕਰ ਰਹੇ ਹਨ। ਗੌਰਤਲਬ ਹੈ ਕਿ ਦੁਨੀਆ ਦੇ ਕਈ ਦੇਸ਼ਾਂ ਵਿਚ ਪਾਲਤੂ ਜਾਨਵਰਾਂ ਦਾ ਕਲੋਨ ਬਣਾਉਣ 'ਤੇ ਰੋਕ ਹੈ ਪਰ ਇਜਾਜ਼ਤ ਲੈ ਕੇ ਅਮਰੀਕਾ ਅਤੇ ਦੱਖਣੀ ਕੋਰੀਆ ਵਿਚ ਅਜਿਹਾ ਕੀਤਾ ਜਾ ਸਕਦਾ ਹੈ।

Vandana

This news is Content Editor Vandana