ਡਾਕਟਰ ਦੀ ਮੌਤ ਦੇ ਬਾਅਦ ਚੀਨ ''ਚ ਉੱਠੀ ''ਫ੍ਰੀਡਮ ਆਫ ਸਪੀਚ'' ਦੀ ਮੰਗ

02/10/2020 1:27:29 PM

ਬੀਜਿੰਗ (ਬਿਊਰੋ): ਚੀਨ ਵਿਚ ਫੈਲੇ ਜਾਨਲੇਵਾ ਕੋਰੋਨਾਵਾਇਰਸ ਕਾਰਨ ਮੌਤ ਦਾ ਅੰਕੜਾ ਵੱਧਦਾ ਜਾ ਰਿਹਾ ਹੈ। ਹੁਣ ਤੱਕ ਇੱਥੇ 900 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸੈਂਕੜੇ ਹੋਰ ਇਨਫੈਕਟਿਡ ਹਨ। ਚੀਨ ਦੀ ਸਰਕਾਰ 'ਤੇ ਇਹ ਦੋਸ਼ ਲੱਗ ਰਿਹਾ ਹੈਕਿ ਜੇਕਰ ਉਸ ਨੇ ਇਸ ਬੀਮਾਰੀ ਨੂੰ ਲੈ ਕੇ ਸਮਾਂ ਰਹਿੰਦੇ ਲੋੜੀਂਦੀ ਕਾਰਵਾਈ ਕੀਤੀ ਹੁੰਦੀ ਤਾਂ ਹਾਲਾਤ ਇੰਨੇ ਮਾੜੇ ਨਾ ਹੁੰਦੇ। ਚੀਨ ਵਿਚ ਫੈਲੇ ਕੋਰੋਨਾਵਾਇਰਸ ਦੇ ਇਨਫੈਕਸ਼ਨ ਨੂੰ ਲੈ ਕੇ ਸਭ ਤੋਂ ਪਹਿਲਾਂ ਜਾਣਕਾਰੀ ਦੇਣ ਵਾਲੇ ਡਾਕਟਰ ਲੀ ਵੇਨਲਿਆਂਗ 'ਤੇ ਸਥਾਨਕ ਪੁਲਸ ਨੇ ਚੁੱਪ ਰਹਿਣ ਦਾ ਦਬਾਅ ਬਣਾਇਆ ਸੀ। ਉਹਨਾਂ ਨੇ ਇਕ ਗਰੁੱਪ ਵਿਚ ਸਭ ਤੋਂ ਪਹਿਲਾਂ ਜਾਣਕਾਰੀ ਦਿੱਤੀ ਸੀ ਕਿ ਇਨਫੈਕਟਿਡ ਮਰੀਜ਼ ਕੋਰੋਨਾਵਾਇਰਸ ਨਾਲ ਪੀੜਤ ਹੋ ਸਕਦੇ ਹਨ ਪਰ ਸ਼ੁਰੂ ਵਿਚ ਪੁਲਸ ਨੇ ਇਸ ਨੂੰ ਅਫਵਾਹ ਹੀ ਮੰਨਿਆ ਸੀ। 

PunjabKesari

34 ਸਾਲ ਦੇ ਵ੍ਹੀਸਲਬਲੋਅਰ ਡਾਕਟਰ ਲੀ ਵੇਨਲਿਆਂਗ ਖੁਦ ਵੀ ਬਾਅਦ ਵਿਚ ਕੋਰੋਨਾਵਾਇਰਸ ਨਾਲ ਪੀੜਤ ਹੋ ਗਏ ਸਨ। ਸ਼ੁੱਕਰਵਾਰ ਨੂੰ ਉਹਨਾਂ ਦੀ ਮੌਤ ਹੋ ਗਈ। ਲੀ ਦੀ ਮੌਤ ਦੇ ਬਾਅਦ ਅਕੈਡਮਿਕ ਭਾਈਚਾਰੇ ਮਤਲਬ ਵਿੱਦਿਅਕ ਭਾਈਚਾਰੇ ਦੇ ਲੋਕਾਂ ਦਾ ਸਬਰ ਖਤਮ ਹੋ ਗਿਆ ਅਤੇ ਉਹਨਾਂ ਨੇ ਚੀਨ ਵਿਚ ਰਾਜਨੀਤਕ ਤਬਦੀਲੀ ਅਤੇ 'ਫ੍ਰੀ ਸਪੀਚ' ਮਤਲਬ ਬੋਲਣ ਦੀ ਆਜ਼ਾਦੀ ਦੀ ਮੰਗ ਕੀਤੀ ਹੈ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਲੀ ਉਹਨਾਂ 8 ਡਾਕਟਰਾਂ ਵਿਚ ਸ਼ਾਮਲ ਸਨ ਜਿਹਨਾਂ ਨੂੰ ਵੁਹਾਨ ਪੁਲਸ ਨੇ ਅਫਵਾਹ ਫੈਲਾਉਣ ਵਾਲਾ ਦੱਸਿਆ ਸੀ। ਉਹਨਾਂ ਦੀ ਮੌਤ ਦੇ ਬਾਅਦ ਅਕੈਡਮਿਕ ਭਾਈਚਾਰੇ ਦੇ ਲੋਕਾਂ ਦੀਆਂ ਘੱਟੋ-ਘੱਟ 2 ਓਪਨ ਚਿੱਠੀਆਂ ਚੀਨ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

PunjabKesari

ਡਾਕਟਰ ਲੀ ਨੇ ਮੌਤ ਤੋਂ ਪਹਿਲਾਂ ਚੀਨੀ ਸੋਸ਼ਲ ਮੀਡੀਆ 'ਤੇ ਇਕ ਪੋਸਟ ਵਿਚ ਦੱਸਿਆ ਸੀ ਕਿ ਉਹਨਾਂ ਨੂੰ ਪੁਲਸ ਨੇ ਉਸ ਬਿਆਨ 'ਤੇ ਦਸਤਖਤ ਕਰਨ ਲਈ ਮਜਬੂਰ ਕੀਤਾ ਜਿਸ ਵਿਚ ਕਿਹਾ ਗਿਆ ਸੀ ਕਿ ਉਹ ਕਾਨੂੰਨ ਤੋੜਨ ਵਾਲੀਆਂ ਗਤੀਵਿਧੀਆਂ ਨਹੀਂ ਕਰਨਗੇ। ਅਜਿਹਾ ਨਾ ਕਰਨ 'ਤੇ ਉਹਨਾਂ ਨੂੰ ਸਜ਼ਾ ਦੇਣ ਦੀ ਧਮਕੀ ਦਿੱਤੀ ਗਈ ਸੀ। ਰਿਪੋਰਟ ਮੁਤਾਬਕ ਫ੍ਰੀਡਮ ਫੋਰ ਸਪੀਚ ਦੀ ਮੰਗ ਕਰਨ ਵਾਲੀ ਇਕ ਚਿੱਠੀ 'ਤੇ 10 ਪ੍ਰੋਫੈਸਰਾਂ ਦੇ ਦਸਤਖਤ ਹਨ। ਚਿੱਠੀ ਵਿਚ ਇਸ ਗੱਲ ਦਾ ਜ਼ਿਕਰ ਹੈ ਕਿ ਡਾਕਟਰ ਲੀ ਨੇ ਪੂਰੀ ਤਾਕਤ ਨਾਲ ਦੇਸ਼ ਅਤੇ ਸਮਾਜ ਦੇ ਹਿੱਤ ਵਿਚ ਕੰਮ ਕੀਤਾ ਸੀ। 

PunjabKesari

ਡਾਕਟਰ ਲੀ ਤੋਂ ਜਨਤਕ ਤੌਰ 'ਤੇ ਮੁਆਫੀ ਮੰਗਣ ਦੀ ਅਪੀਲ ਵੀ ਕੀਤੀ ਗਈ। ਬਾਅਦ ਵਿਚ ਚੀਨ ਦੇ ਸੋਸ਼ਲ ਮੀਡੀਆ Weibo 'ਤੇ ਕਥਿਤ ਤੌਰ 'ਤੇ ਇਸ ਚਿੱਠੀ ਨੂੰ ਸੈਂਸਰ ਕਰ ਦਿੱਤਾ ਗਿਆ। ਦੂਜੀ ਚਿੱਠੀ ਨੂੰ ਬੀਜਿੰਗ ਦੀ ਵੱਕਾਰੀ ਯੂਨੀਵਰਸਿਟੀ Tsinghua ਦੇ ਏਲੁਮਨੀ ਸਮੂਹ ਨੇ ਲਿਖਿਆ ਹੈ। ਇਸ ਚਿੱਠੀ ਵਿਚ ਅਪੀਲ ਕੀਤੀ ਗਈ ਹੈਕਿ ਅਧਿਕਾਰੀ ਆਮ ਲੋਕਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਗਾਰੰਟੀ ਦੇਣ। ਚੀਨ ਵਿਚ ਸਰਕਾਰ ਵਿਰੋਧੀ ਆਵਾਜ਼ਾਂ 'ਤੇ ਸਖਤ ਕਾਰਵਾਈ ਕੀਤੀ ਜਾਂਦੀ ਰਹੀ ਹੈ ਅਤੇ ਅਕਸਰ ਵਿਰੋਧ ਕਰਨ ਵਾਲਿਆਂ ਨੂੰ ਜੇਲ ਭੇਜ ਦਿੱਤਾ ਜਾਂਦਾ ਹੈ।


Vandana

Content Editor

Related News