ਅਣਜੰਮੇ ਬੱਚੇ ਲਈ ਸ਼ਖਸ ਨੇ ਬਣਾਇਆ 2,000 ਨੂਡਲਜ਼ ਪੈਕਟ ਨਾਲ ਪਲੇਅਹਾਊਸ, ਤਸਵੀਰਾਂ

09/18/2019 2:11:44 PM

ਬੀਜਿੰਗ (ਬਿਊਰੋ)— ਚੀਨ ਦਾ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਇੱਥੇ ਰਹਿਣ ਵਾਲੇ ਬਿਲਡਰ ਝਾਂਗ (Zhang) ਜਲਦੀ ਹੀ ਪਿਤਾ ਬਣਨ ਵਾਲੇ ਹਨ। ਉਹ ਜਲਦੀ ਹੀ ਇਕ ਬੇਟੇ ਦੇ ਪਿਤਾ ਬਣਨਗੇ। ਇਸ ਖੁਸ਼ੀ ਵਿਚ ਉਨ੍ਹਾਂ ਨੇ ਇਕ ਪਲੇਅਹਾਊਸ ਤਿਆਰ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ ਪਲੇਅਹਾਊਸ 2,000 ਮਿਆਦ ਖਤਮ ਹੋ ਚੁੱਕੇ ਨੂਡਲਜ਼ ਪੈਕੇਟਾਂ ਨਾਲ ਤਿਆਰ ਕੀਤਾ ਗਿਆ ਹੈ। ਨੂਡਲਜ਼ ਨੂੰ ਗੂੰਦ ਦੀ ਮਦਦ ਨਾਲ ਚਿਪਕਾ ਕੇ ਪਲੇਅਹਾਊਸ ਤਿਆਰ ਕੀਤਾ ਗਿਆ ਹੈ। ਝਾਂਗ ਨੇ ਇਸ ਨੂੰ 'ਇੰਸਟੈਂਟ ਨੂਡਲ ਕੈਬਿਨ' ਦਾ ਨਾਮ  ਦਿੱਤਾ ਹੈ।

ਝਾਂਗ ਉੱਤਰੀ ਚੀਨ ਦੇ ਜਿਲਿਨ ਸੂਬੇ ਦੇ ਹਿਊਡੀਅਨ ਕਾਊਂਟੀ ਸ਼ਹਿਰ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਪਲੇਅਹਾਊਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ। ਇਹ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਚੁੱਕੀਆਂ ਹਨ।

ਝਾਂਗ ਨੇ 4 ਦਿਨ ਵਿਚ ਪਲੇਅਹਾਊਸ ਤਿਆਰ ਕੀਤਾ ਹੈ। ਇਹ ਇਕ ਮੀਟਰ ਚੌੜਾ ਅਤੇ 2 ਮੀਟਰ ਲੰਬਾ ਹੈ। ਇਸ ਨੂੰ ਕੁੱਲ 4 ਵਰਗ ਮੀਟਰ ਖੇਤਰ ਵਿਚ ਤਿਆਰ ਕੀਤਾ ਗਿਆ ਹੈ। ਇਹ ਇੰਨਾ ਵੱਡਾ ਹੈ ਕਿ ਝਾਂਗ ਖੁਦ ਇਸ ਵਿਚ ਆਰਾਮ ਨਾਲ ਸੌਂ ਸਕਦੇ ਹਨ। ਇੰਨਾ ਹੀ ਨਹੀਂ ਜਦੋਂ ਉਨ੍ਹਾਂ ਦਾ ਬੇਟਾ ਵੱਡਾ ਹੋਵੇਗਾ ਤਾਂ ਉਹ ਉਸਦੇ ਨਾਲ ਇੱਥੇ ਖੇਡ ਵੀ ਸਕਣਗੇ। ਝਾਂਗ ਨੇ ਇਸ ਵਿਚ ਛੋਟੀਆਂ-ਛੋਟੀਆਂ ਖਿੜਕੀਆਂ ਵੀ ਬਣਾਈਆਂ ਹਨ ਤਾਂ ਜੋ  ਰੋਸ਼ਨੀ ਅੰਦਰ ਆ ਸਕੇ।

 

ਝਾਂਗ ਮੁਤਾਬਕ,''ਮੇਰਾ ਇਕ ਦੋਸਤ ਹੈ ਜੋ ਫੂਡ ਹੋਲਸੇਲਰ ਹੈ। ਉਸ ਦੇ ਗੋਦਾਮ ਵਿਚ ਖਰਾਬ ਹੋ ਚੁੱਕੇ ਨੂਡਲਜ਼ ਦੇ ਪੈਕੇਟ ਪਏ ਹੋਏ ਸਨ। ਮੈਨੂੰ ਲੱਗਾ ਕਿ ਇਹ ਪੈਕੇਟ ਸੁੱਟ ਦਿੱਤੇ ਜਾਣਗੇ। ਇਸ ਲਈ ਮੈਂ ਉਨ੍ਹਾਂ ਨੂੰ ਘਰ ਲੈ ਆਇਆ। ਮੈਂ ਹਮੇਸ਼ਾ ਤੋਂ ਹੀ ਇੰਸਟੈਂਟ ਨੂਡਲਜ਼ ਦਾ ਫੈਨ ਰਿਹਾ ਹਾਂ। ਇਸ ਲਈ ਮੈਂ ਇਨ੍ਹਾਂ ਕੱਚੇ ਨੂਡਲਜ਼ ਨਾਲ ਛੋਟੀ ਜਿਹੀ ਬਿਲਡਿੰਗ ਬਣਾਉਣ ਦਾ ਫੈਸਲਾ ਲਿਆ।'' ਝਾਂਗ ਨੂੰ ਪਲੇਅਹਾਊਸ ਬਣਾਉਣ ਦੀ ਪ੍ਰੇਰਨਾ ਕਿੱਥੋਂ ਮਿਲੀ ਇਸ ਗੱਲ ਦਾ ਖੁਲਾਸਾ ਉਨ੍ਹਾਂ ਨੇ ਨਹੀਂ ਕੀਤਾ। ਮੰਨਿਆ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓਜ਼ ਦੀ ਮਦਦ ਨਾਲ ਹੀ ਉਨ੍ਹਾਂ ਨੂੰ ਇਹ ਆਈਡੀਆ ਮਿਲਿਆ ਹੋਵੇਗਾ।

ਝਾਂਗ ਦੇ ਬਣਾਏ ਗਏ ਇਸ ਪਲੇਅਹਾਊਸ 'ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਕਿਸੇ ਨੂੰ ਇਸ ਨੂੰ ਰਚਨਾਤਮਕਤਾ ਦਾ ਬਿਹਤਰੀਨ ਨਮੂਨਾ ਦੱਸਿਆ ਹੈ ਤਾਂ ਕੁਝ ਨੇ ਝਾਂਗ ਨੂੰ ਇਕ ਗੈਰ ਜ਼ਿੰਮੇਵਾਰ ਪਿਤਾ ਕਰਾਰ ਦਿੱਤਾ ਹੈ ਜੋ ਕਿ ਖਰਾਬ ਨੂਡਲਜ਼ ਨਾਲ ਬਣੇ ਪਲੇਅਹਾਊਸ ਜ਼ਰੀਏ ਆਪਣੇ ਬੇਟੇ ਦੀ ਸਿਹਤ ਖਤਰੇ ਵਿਚ ਪਾ ਰਿਹਾ ਹੈ।

ਇਕ ਯੂਜ਼ਰ ਨੇ ਲਿਖਿਆ,''ਉਨ੍ਹਾਂ ਦਾ ਬੇਟਾ ਇਸ ਪਲੇਅਹਾਊਸ ਵਿਚ ਖੇਡਦੇ ਹੋਏ ਵੱਡਾ ਹੋਵੇਗਾ। ਜੇਕਰ ਉਸ ਨੇ ਇਹ ਖਰਾਬ ਨੂਡਲਜ਼ ਖਾ ਲਏ ਤਾਂ ਕੀ ਹੋਵੇਗਾ?'' ਇਕ ਹੋਰ ਯੂਜ਼ਰ ਨੇ ਲਿਖਿਆ,''ਬੱਚਾ ਇਕ ਅਜਿਹੀ ਜਗ੍ਹਾ 'ਤੇ ਖੇਡੇਗਾ ਜਿੱਥੇ ਇੰਨਾ ਸਾਰਾ ਗੂੰਦ ਹੋਵੇਗਾ। ਇਸ ਨਾਲ ਉਸ ਦੀ ਸਿਹਤ 'ਤੇ ਬੁਰਾ ਅਸਰ ਪਵੇਗਾ।''

Vandana

This news is Content Editor Vandana