ਚਿਲੀ ਦੇ ਰਾਸ਼ਟਰਪਤੀ ਪਿਨੇਰਾ ਦਾ ਅਸਤੀਫੇ ਤੋਂ ਇਨਕਾਰ

12/17/2019 2:16:03 PM

ਸੈਂਟਿਯਾਗੋ— ਚਿਲੀ ਦੇ ਰਾਸ਼ਟਰਪਤੀ ਸੇਬੇਸਿਟੀਅਨ ਪਿਨੇਰਾ ਨੇ ਸਰਕਾਰ ਖਿਲਾਫ ਲਗਭਗ ਦੋ ਮਹੀਨਿਆਂ ਤੋਂ ਜਾਰੀ ਵਿਰੋਧ ਪ੍ਰਦਰਸ਼ਨਾਂ ਦੇ ਬਾਵਜੂਦ ਅਹੁਦਾ ਛੱਡਣ ਦੀ ਸੰਭਾਵਨਾ ਨੂੰ ਸਾਫ ਤੌਰ 'ਤੇ ਖਾਰਜ ਕਰ ਦਿੱਤਾ ਹੈ। ਪਿਨੇਰਾ ਨੇ ਸੋਮਵਾਰ ਨੂੰ ਇਕ ਇੰਟਰਵੀਊ 'ਚ ਦੱਸਿਆ ਕਿ ਮੈਂ ਅਸਤੀਫਾ ਦੇਣ ਬਾਰੇ ਨਹੀਂ ਸੋਚਿਆ। ਮੈਨੂੰ ਚਿਲੀ ਦੇ ਲੋਕਾਂ ਨੇ ਰਾਸ਼ਟਰਪਤੀ ਚੁਣਿਆ ਸੀ ਅਤੇ ਮੇਰਾ ਫਰਜ਼ ਹੈ ਕਿ ਮੈਂ ਇਸ ਹੁਕਮ ਦਾ ਸਨਮਾਨ ਕਰਾਂ।


ਉਨ੍ਹਾਂ ਕਿਹਾ ਕਿ ਉਹ ਆਪਣੇ ਪ੍ਰਸ਼ਾਸਨ ਦੀ ਘੱਟ ਮਨਜ਼ੂਰੀ ਰੇਟਿੰਗ ਤੋਂ ਪੀੜਤ ਹਨ ਅਤੇ ਚਿਲੀ ਦੇ ਲੋਕਾਂ ਦੇ ਜੀਵਨ ਦੀ ਗੁਣਵੱਤਾ 'ਚ ਸੁਧਾਰ ਲਈ ਸਖਤ ਮਿਹਨਤ ਕਰ ਰਹੇ ਹਨ। ਉਨ੍ਹਾਂ ਦੱਖਣੀ ਅਮਰੀਕੀ ਦੇਸ਼ 'ਚ ਵੱਡੇ ਪੈਮਾਨੇ 'ਤੇ ਪ੍ਰਦਰਸ਼ਨਾਂ ਨੂੰ ਸੰਭਾਲਣ 'ਚ ਕੀਤੀਆਂ ਗਈਆਂ ਗਲਤੀਆਂ ਲਈ ਮੁਆਫੀ ਮੰਗੀ। ਚਿਲੀ 'ਚ ਉਗਰਵਾਦੀ ਪ੍ਰਦਰਸ਼ਨਕਾਰੀਆਂ ਨੇ ਕਈ ਵਪਾਰਾਂ ਅਤੇ ਇਮਾਰਤਾਂ ਨੂੰ ਅੱਗ ਲਗਾ ਦਿੱਤੀ ਅਤੇ ਸਰਕਾਰ ਵਲੋਂ ਇਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ 'ਚ ਆਪਣੀ ਤਾਕਤ ਦੀ ਵਰਤੋਂ ਕਰਨ ਕਰਕੇ ਸਥਿਤੀ ਖਰਾਬ ਹੋ ਗਈ। ਜ਼ਿਕਰਯੋਗ ਹੈ ਕਿ ਅਕਤੂਬਰ 'ਚ ਰਾਜਧਾਨੀ ਸੈਂਟਿਯਾਗੋ 'ਚ ਸਬਵੇਅ ਟੈਕਸ ਵਾਧੇ ਤੇ ਮਹਿੰਗਾਈ ਖਿਲਾਫ ਸ਼ੁਰੂ ਹੋਇਆ ਅੰਦੋਲਨ ਜਲਦੀ ਹੀ ਸਰਕਾਰ ਵਿਰੋਧੀ ਪ੍ਰਦਸ਼ਨ 'ਚ ਤਬਦੀਲ ਹੋ ਗਿਆ। ਅਧਿਕਾਰੀਆਂ ਮੁਤਾਬਕ ਸਰਕਾਰ ਵਿਰੋਧੀ ਪ੍ਰਦਰਸ਼ਨ 'ਚ 26 ਲੋਕਾਂ ਦੀ ਮੌਤ ਹੋ ਗਈ ਸੀ।