ਘੱਟ ਸੌਣ ਵਾਲੇ ਬੱਚਿਆਂ ’ਚ ਮਾਨਸਿਕ ਦਬਾਅ ਦੀਆਂ ਸੰਭਾਵਨਾਵਾਂ ਵਧੇਰੇ

02/10/2020 2:16:03 AM

ਲੰਡਨ (ਭਾਸ਼ਾ)-ਬੱਚਿਆਂ ’ਚ ਮਾਨਸਿਕ ਦਬਾਅ, ਕਾਹਲਪੁਣਾ, ਗੁੱਸੇ ਵਾਲਾ ਵਤੀਰਾ ਅਤੇ ਗਿਆਨ ਬਾਰੇ ਮਾੜਾ ਪ੍ਰਦਰਸ਼ਨ ਉਨ੍ਹਾਂ ਦੀ ਨੀਂਦ ਦੀ ਮਿਆਦ ਅਤੇ ਗੁਣਵੱਤਾ ਨਾਲ ਜੁੜਿਆ ਹੋਇਆ ਹੈ। ਰਸਾਲੇ ‘ਮਾਲੀਕਿਊਲਰ ਸਾਈਕੈਟਰੀ’ ਵਿਚ ਛਪੇ ਖੋਜ ਪੱਤਰ ’ਚ ਕਿਹਾ ਗਿਆ ਹੈ ਕਿ ਘੱਟ ਨੀਂਦ ਬੱਚਿਆਂ ਦੀ ਮਾਨਸਿਕ ਰਚਨਾ ’ਚ ਬਦਲਾਅ ਨਾਲ ਜੁੜੀ ਹੋਈ ਹੈ। ਖੋਜਕਰਤਾਵਾਂ ਨੇ ਕਿਹਾ ਹੈ ਕਿ ਚੰਗੀ ਨੀਂਦ ਦਿਮਾਗ ਦੀਆਂ ਨਸਾਂ ਦੇ ਸੰਪਰਕ ਦੀ ਮੁੜ ਉਸਾਰੀ ’ਚ ਸਹਾਇਤਾ ਕਰਦੀ ਹੈ ਅਤੇ ਇਸ ਦਾ ਉਨ੍ਹਾਂ ਬੱਚਿਆਂ ਲਈ ਖਾਸ ਤੌਰ ’ਤੇ ਮਹੱਤਵ ਹੈ, ਜਿਨ੍ਹਾਂ ਦਾ ਦਿਮਾਗ ਤੇਜ਼ੀ ਨਾਲ ਵਿਕਸਤ ਹੋ ਰਿਹਾ ਹੋਵੇ। ਖੋਜਕਰਤਾਵਾਂ ਨੇ 9 ਤੋਂ 11 ਸਾਲ ਦੀ ਵਿਚਕਾਰਲੀ ਉਮਰ ਦੇ 11,000 ਬੱਚਿਆਂ ਦੀ ਦਿਮਾਗੀ ਰਚਨਾ ਦੀ ਪੜਤਾਲ ਕਰਨ ਅਤੇ ਉਨ੍ਹਾਂ ਦੀ ਤੁਲਨਾ ਨੀਂਦ ਨਾਲ ਜੁੜੀ ਮਿਆਦ ਦੇ ਅੰਕੜਿਆਂ ਨਾਲ ਕੀਤੀ, ਜਿਸ ਤੋਂ ਇਹ ਨਤੀਜਾ ਨਿਕਲਿਆ ਕਿ ਜਿਹੜੇ ਬੱਚੇ ਘੱਟ ਸੌਂਦੇ ਹਨ, ਉਨ੍ਹਾਂ ’ਚ ਮਾਨਸਿਕ ਦਬਾਅ, ਕਾਹਲਪੁਣਾ, ਗੁੱਸੇ ਵਾਲਾ ਵਤੀਰਾ, ਵਰਤਾਓ ਅਤੇ ਗਿਆਨ ਦਾ ਖਰਾਬ ਪ੍ਰਦਰਸ਼ਨ ਦੇਖਿਆ ਗਿਆ ਹੈ।

ਖੋਜ ’ਚ ਦੇਖਿਆ ਗਿਆ ਕਿ ਘੱਟ ਸੌਣ ਵਾਲੇ ਬੱੱਚਿਆਂ ਦੇ ਦਿਮਾਗ ਦੇ ਕੁਝ ਹਿੱਸਿਆਂ ਦਾ ਆਕਾਰ ਘਟ ਜਾਂਦਾ ਹੈ। ਇਹ ਅਜਿਹੇ ਹਿੱਸੇ ਹਨ, ਜਿਹੜੇ ਸੁਣਨ ਦੀ ਸ਼ਕਤੀ, ਯਾਦ ਰੱਖਣ ਦੀ ਸਮਰੱਥਾ ਅਤੇ ਫੈਸਲਾ ਲੈਣ ਦੀ ਯੋਗਤਾ ਨਾਲ ਜੁੜੇ ਹੋਏ ਹਨ। ਇਸ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਲੋੜੀਂਦੀ ਨੀਂਦ ਲੈਣਾ ਬੱਚਿਆਂ ਦੇ ਗਿਆਨ ਅਤੇ ਮਾਨਸਿਕ ਸਿਹਤ ਦੋਵਾਂ ਲਈ ਹੀ ਬਹੁਤ ਜ਼ਰੂਰੀ ਹੈ।

Karan Kumar

This news is Content Editor Karan Kumar