ਸਾਰਿਆਂ ਦੇ ਸੁੱਕ ਗਏ ਸਾਹ, ਜਦੋਂ ਡੂੰਘੀ ਖੱਡ ''ਤੇ ਜਾ ਅਟਕੀ ਬੱਚਿਆਂ ਨਾਲ ਭਰੀ ਬੱਸ

05/30/2017 2:43:56 PM


ਸਿਡਨੀ— ਉੱਤਰੀ ਸਿਡਨੀ 'ਚ ਚੈਰਿਟੀ ਬੱਸ 4.5 ਮੀਟਰ ਡੂੰਘੇ ਖੱਡ ਦੇ ਉੱਪਰ ਬੇਤਰਤੀਬੇ ਢੰਗ ਨਾਲ ਅਟਕ ਗਈ। ਇਸ ਹਾਦਸੇ 'ਚ ਬੱਚੇ ਵਾਲ-ਵਾਲ ਬਚ ਗਏ ਅਤੇ ਉਨ੍ਹਾਂ ਨੂੰ ਬੱਸ 'ਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ। ਇਹ ਘਟਨਾ ਦੁਪਹਿਰ 3.20 'ਤੇ ਵਾਪਰੀ। ਫਾਇਰ ਕਰੂ ਮੈਂਬਰਾਂ ਨੂੰ ਫੋਨ 'ਤੇ ਇਸ ਘਟਨਾ ਦੀ ਸੂਚਨਾ ਦਿੱਤੀ ਗਈ। 
ਸਟੀਵਰਟ ਹਾਊਸ ਦੇ ਕਰਲ-ਕਰਲ ਆਧਾਰਿਤ ਚੈਰਿਟੀ ਦੀ ਬੱਸ ਸੜਕ 'ਤੇ ਮੋੜ ਕੱਟਦੇ ਹੋਏ ਅਚਾਨਕ ਖੱਡ ਉੱਪਰ ਜਾ ਪਹੁੰਚੀ। ਪੁਲਸ ਨੇ ਦੱਸਿਆ ਕਿ ਘਟਨਾ ਦੇ ਸਮੇਂ ਬੱਸ 'ਚ 15 ਬੱਚੇ ਸਵਾਰ ਸਨ, ਜਿਨ੍ਹਾਂ ਦੀ ਉਮਰ 7 ਤੋਂ 12 ਸਾਲ ਦਰਮਿਆਨ ਹੈ। ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। 
ਪੁਲਸ ਨੇ ਕਿਹਾ ਕਿ ਬੱਸ ਨੂੰ ਇਕ 50 ਸਾਲਾ ਔਰਤ ਡਰਾਈਵਰ ਚਲਾ ਰਹੀ ਸੀ। ਓਧਰ ਸਟੀਵਰਟ ਹਾਊਸ ਦੇ ਮੁੱਖ ਕਾਰਜਕਾਰੀ ਮੁਰਰੇ ਓਡੋਨੇਲ ਨੇ ਕਿਹਾ ਕਿ ਘਟਨਾ ਦੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੱਸ ਬਹੁਤ ਖਤਰਨਾਕ ਥਾਂ 'ਤੇ ਜਾ ਕੇ ਅਟਕ ਗਈ ਪਰ ਇੰਨਾ ਸ਼ੁੱਕਰ ਹੈ ਕਿ ਬੱਚੇ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਚੈਰਿਟੀ ਨੇ ਬੱਚਿਆਂ ਨੂੰ ਮੈਡੀਕਲ ਮਦਦ ਮੁਹੱਈਆ ਕਰਵਾ ਦਿੱਤੀ ਹੈ ਅਤੇ ਮਾਪਿਆਂ ਨੂੰ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਦੇ ਬੱਚੇ ਠੀਕ ਹਨ।