ਚਿਊਂਗਮ ਦੇ ਸ਼ੌਕੀਨ ਹੋ ਜਾਣ ਅਲਰਟ, ਹੋ ਸਕਦੈ ਕੈਂਸਰ

05/16/2019 8:47:33 AM

ਸਿਡਨੀ— ਜੇਕਰ ਤੁਸੀਂ ਵੀ ਬਹੁਤ ਜ਼ਿਆਦਾ ਚਿਊਂਗਮ ਚਬਾਉਂਦੇ ਹੋ ਜਾਂ ਫਿਰ ਖਾਣ 'ਚ ਚਿੱਟੇ ਰੰਗ ਦਾ ਮੋਯੇਨੀਜ਼ ਤੁਹਾਨੂੰ ਬਹੁਤ ਪਸੰਦ ਹੈ ਤਾਂ ਇਨ੍ਹਾਂ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਨ ਤੋਂ ਪਹਿਲਾਂ ਸਾਵਧਾਨ ਹੋ ਜਾਓ। ਇਨ੍ਹਾਂ ਚੀਜ਼ਾਂ 'ਚ ਮੌਜੂਦ ਫੂਡ ਏਡਿਟਿਵ ਕਾਰਨ ਤੁਹਾਨੂੰ ਕੋਲੋਰੈਕਟਲ ਕੈਂਸਰ ਵਰਗੀ ਗੰਭੀਰ ਬੀਮਾਰੀ ਹੋਣ ਦਾ ਖਤਰਾ ਕਈ ਗੁਣਾ ਵਧ ਜਾਂਦਾ ਹੈ।

ਫੂਡ ਏਡਿਟਿਵ ਦੇ ਕਾਰਨ ਕੈਂਸਰ ਦਾ ਖਤਰਾ-
ਦਰਅਸਲ, ਖੁਰਾਕੀ ਪਦਾਰਥਾਂ 'ਚ ਰੂਪ, ਰੰਗ, ਖੁਸ਼ਬੋ ਜਾਂ ਹੋਰ ਕਿਸੇ ਗੁਣ ਨੂੰ ਸੁਰੱਖਿਅਤ ਰੱਖਣ ਜਾਂ ਵਧਾਉਣ ਲਈ ਇਸਤੇਮਾਲ ਹੋਣ ਵਾਲੇ ਏਜੰਟਸ ਨੂੰ ਫੂਡ ਏਡਿਟਿਵ ਕਿਹਾ ਜਾਂਦਾ ਹੈ। ਚੁਇੰਗਮ ਜਾਂ ਮੋਯੇਨੀਜ਼ ਵਰਗੀਆਂ ਚੀਜ਼ਾਂ 'ਚ ਵਾਈਟਨਿੰਗ ਏਜੰਟ ਦੇ ਰੂਪ 'ਚ ਆਮ ਤੌਰ 'ਤੇ ਇਸਤੇਮਾਲ ਹੋਣ ਵਾਲੇ ਫੂਡ ਏਡਿਟਿਵ ਕਾਰਨ ਪੇਟ 'ਚ ਸਾੜ ਨਾਲ ਜੁੜੀਆਂ ਬੀਮਾਰੀਆਂ ਅਤੇ ਕੋਲੋਰੈਕਟਲ ਕੈਂਸਰ ਦਾ ਖਤਰਾ ਰਹਿੰਦਾ ਹੈ। ਹਾਲ ਹੀ ਵਿਚ ਹੋਈ ਇਕ ਸਟੱਡੀ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ।

ਵ੍ਹਾਈਟਨਿੰਗ ਏਜੰਟ ਦੇ ਤੌਰ 'ਤੇ ਇਸਤੇਮਾਲ-
ਈ 171, ਜਿਸ ਨੂੰ ਟਾਈਟੇਨੀਅਮ ਡਾਈਆਕਸਾਈਡ ਨੈਨੋਪਾਰਟੀਕਲਸ ਕਹਿੰਦੇ ਹਨ, ਇਕ ਫੂਡ ਏਡਿਟਿਵ ਹੈ, ਜਿਸ ਦੀ ਵਰਤੋਂ ਵ੍ਹਾਈਟਨਿੰਗ ਏਜੰਟ ਦੇ ਤੌਰ 'ਤੇ ਵੱਡੀ ਮਾਤਰਾ 'ਚ ਖਾਣ-ਪੀਣ ਦੀਆਂ ਕਈ ਚੀਜ਼ਾਂ ਅਤੇ ਇਥੋਂ ਤੱਕ ਕਿ ਦਵਾਈਆਂ 'ਚ ਵੀ ਹੁੰਦੀ ਹੈ। ਇਸ ਫੂਡ ਏਡਿਟਿਵ ਦਾ ਸਾਡੀ ਸਿਹਤ 'ਤੇ ਕੀ ਅਸਰ ਹੁੰਦਾ ਹੈ। ਇਹ ਜਾਣਨ ਲਈ ਚੂਹਿਆਂ 'ਤੇ ਇਕ ਸਟੱਡੀ ਕੀਤੀ ਗਈ। ਈ 171 ਦੀ ਵਰਤੋਂ 900 ਤੋਂ ਵੀ ਜ਼ਿਆਦਾ ਫੂਡ ਪ੍ਰੋਡਕਟਸ 'ਚ ਹੁੰਦਾ ਹੈ ਅਤੇ ਆਮ ਲੋਕ ਹਰ ਦਿਨ ਵੱਡੀ ਗਿਣਤੀ 'ਚ ਇਸ ਫੂਡ ਏਡਿਟਿਵ ਦਾ ਸੇਵਨ ਕਰਦੇ ਹਨ।

ਅੰਤੜੀਆਂ 'ਤੇ ਪੈਂਦਾ ਹੈ ਬੁਰਾ ਅਸਰ-
ਫਰੰਟੀਅਰਸ ਇਨ ਨਿਊਟ੍ਰੀਸ਼ਨ ਨਾਂ ਦੇ ਜਰਨਲ 'ਚ ਪ੍ਰਕਾਸ਼ਿਤ ਇਸ ਸਟੱਡੀ 'ਚ ਕਿਹਾ ਗਿਆ ਹੈ ਕਿ ਅਜਿਹੀਆਂ ਫੂਡ ਆਈਟਮਸ ਦਾ ਸੇਵਨ ਕਰਨਾ, ਜਿਸ ਵਿਚ ਈ 171 ਫੂਡ ਏਡਿਟਿਵ ਸ਼ਾਮਲ ਹੈ, ਦਾ ਸਿੱਧਾ ਅਸਰ ਸਾਡੀਆਂ ਅੰਤੜੀਆਂ 'ਤੇ ਪੈਂਦਾ ਹੈ, ਜਿਸ ਕਾਰਨ ਪੇਟ ਨਾਲ ਜੁੜੀਆਂ ਕਈ ਬੀਮਾਰੀਆਂ ਅਤੇ ਕੋਲੋਰੈਕਟਲ ਕੈਂਸਰ ਵਰਗੀ ਖਤਰਨਾਕ ਬੀਮਾਰੀ ਹੋਣ ਦੀ ਸ਼ੰਕਾ ਵੀ ਰਹਿੰਦੀ ਹੈ। ਬਾਵਜੂਦ ਇਸ ਦੇ ਹੁਣ ਤੱਕ ਫੂਡ ਏਡਿਟਿਵਸ ਦਾ ਸਾਡੀ ਸਿਹਤ ਦਾ ਕੀ ਅਸਰ ਪੈਂਦਾ ਹੈ। ਇਸ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਮੁਹੱਈਆ ਨਹੀਂ ਹੈ।