ਇਹ ਜੋੜਾ ਆਸਟ੍ਰੇਲੀਆ ''ਚ ਭਾਰਤੀਆਂ ਨੂੰ ਇਸ ਤਰ੍ਹਾਂ ਕਰਦਾ ਸੀ ਪੱਕਾ, ਠੱਗਦਾ ਸੀ ਲੱਖਾਂ, ਹੋਇਆ ਪਰਦਾਫਾਸ਼ (ਤਸਵੀਰਾਂ)

02/04/2017 5:38:37 PM

ਬ੍ਰਿਸਬੇਨ— ਆਸਟ੍ਰੇਲੀਆ ਵਿਚ ਇਕ ਅਜਿਹੇ ਠੱਗ ਭਾਰਤੀ ਜੋੜੇ ਦਾ ਪਰਦਾਫਾਸ਼ ਹੋਇਆ ਹੈ, ਜੋ ਭਾਰਤੀਆਂ ਨੂੰ ਉੱਥੇ ਪੱਕੇ ਕਰਵਾਉਣ ਲਈ ਉਨ੍ਹਾਂ ਤੋਂ ਲੱਖਾਂ ਰੁਪਏ ਠੱਗਦਾ ਸੀ ਅਤੇ ਫਰਜ਼ੀ ਵਿਆਹਾਂ ਦਾ ਸਹਾਰਾ ਲੈਂਦਾ ਸੀ। ਇਸ ਤਰ੍ਹਾਂ ਦੇ ਇਕ ਮਾਮਲੇ ਵਿਚ ਭਾਰਤੀ ਵਿਅਕਤੀ ਰਿਪਨ ਥਿੰਦ ਨੇ ਅਦਾਲਤ ਵਿਚ ਗਵਾਹੀ ਦੌਰਾਨ ਦੱਸਿਆ ਕਿ ਇਸ ਜੋੜੇ ਨੇ ਉਸ ਨੂੰ ਪੱਕੇ ਕਰਨ ਲਈ ਉਸ ਤੋਂ 40000 ਡਾਲਰ ਲਏ। ਇਹ ਜੋੜਾ ਆਸਟ੍ਰੇਲੀਆ ''ਚ ਪੱਕੇ ਹੋਣ ਦੇ ਚਾਹਵਾਨ ਭਾਰਤੀਆਂ ਲਈ ਝੂਠੇ ਵਿਆਹ ਦਾ ਪੂਰਾ ਇੰਤਜ਼ਾਮ ਕਰਦਾ ਸੀ। 
ਥਿੰਦ ਨੇ ਦੱਸਿਆ ਕਿ ਉਹ ਸਟੂਡੈਂਟ ਵੀਜ਼ਾ ''ਤੇ ਆਸਟ੍ਰੇਲੀਆ ਆਇਆ ਸੀ।  ਵੀਜ਼ਾ ਵਧਾਉਣ ਲਈ ਜਦੋਂ ਉਸ ਨੇ ਇਮੀਗ੍ਰੇਸ਼ਨ ਏਜੰਟ ਚੇਤਨ ਮਿਸ਼ਾਰੂ ਨਾਲ ਸੰਪਰਕ ਕੀਤਾ ਤਾਂ ਉਸ ਨੇ ਵਿਆਹ ਵਾਲੀ ਸਕੀਮ ਦਿੱਤੀ। ਚੇਤਨ ਨੇ ਥਿੰਦ ਨੂੰ ਅਲੀਨਾ ਬੂਅਜਾ ਨਾਮੀ ਲੜਕੀ ਨਾਲ ਮਿਲਾਇਆ ਅਤੇ ਵਿਆਹ ਦੇ ਕਾਗਜ਼ਾਂ ''ਤੇ ਦੋਹਾਂ ਦੇ ਹਸਤਾਖਰ ਕਰਵਾਏ। ਇੱਥੇ ਥਿੰਦ ਨੇ ਚੇਤਨ ਨੂੰ 9600 ਡਾਲਰ ਪਹਿਲੀ ਕਿਸ਼ਤ ਵਜੋਂ ਦਿੱਤੇ। ਫਿਰ ਬਾਅਦ ਵਿਚ ਉਸ ਨੇ ਆਪਣੀ ਨਕਲੀ ਪਤਨੀ ਅਤੇ ਏਜੰਟ ਨੂੰ 35000 ਤੋਂ ਵਧ ਡਾਲਰ ਦਿੱਤੇ। ਏਜੰਟ ਚੇਤਨ ਦੀ ਪਤਨੀ ਦਿਵਯਾ ਕ੍ਰਿਸ਼ਨਾ ਹੀ ਵਿਆਹ ਰਜਿਸਟਰ ਕਰਨ ਵਾਲੀ ਏਜੰਟ ਸੀ। ਉਸ ਨੇ ਮਾਰਚ 2011 ਤੋਂ 2012 ਤੱਕ 16 ਫਰਜ਼ੀ ਵਿਆਹ ਰਜਿਸਟਰ ਕਰਵਾਏ ਅਤੇ ਆਸਟ੍ਰੇਲੀਆ ਦੀ ਸਰਕਾਰ ਦੀਆਂ ਅੱਖਾਂ ਵਿਚ ਘੱਟਾ ਪਾਇਆ। ਏਜੰਟ ਅਤੇ ਉਸ ਦੀ ਪਤਨੀ ਨੇ ਆਪਣੇ-ਆਪ ਨੂੰ ਇਸ ਮਾਮਲੇ ਵਿਚ ਨਿਰਦੋਸ਼ ਦੱਸਿਆ ਹੈ। ਮਾਮਲੇ ਦੀ ਸੁਣਵਾਈ ਅਦਾਲਤ ਵਿਚ ਚੱਲ ਰਹੀ ਹੈ।

Kulvinder Mahi

This news is News Editor Kulvinder Mahi