ਗਲਾਸਗੋ ਦੇ ਚਰਨਦੀਪ ਸਿੰਘ ਨੇ ਹਾਸਲ ਕੀਤਾ "ਪ੍ਰਾਈਡ ਆਫ਼ ਸਕਾਟਲੈਂਡ" ਦਾ ਸਨਮਾਨ

12/21/2020 2:47:04 PM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਿੱਖ ਕੌਂਮ ਹਮੇਸ਼ਾ ਹੀ ਦੀਨ-ਦੁਖੀਆਂ ਅਤੇ ਹਰ ਪ੍ਰਕਾਰ ਦੇ ਲੋੜਵੰਦਾਂ ਦੀ ਬਿਨਾਂ ਕਿਸੇ ਭੇਦਭਾਵ ਦੇ ਮਦਦ ਕਰਨ ਲਈ ਤਿਆਰੀ ਰਹਿੰਦੀ ਹੈ। ਸਿੱਖ ਗੁਰੂ ਸਾਹਿਬਾਨਾਂ ਦੇ ਪੂਰਨਿਆਂ 'ਤੇ ਚੱਲਦਿਆਂ ਗਲਾਸਗੋ ਦੀ ਸੰਸਥਾ ਸਿੱਖ ਫੂਡਬੈਂਕ ਦੇ ਪ੍ਰਬੰਧਕ ਨੌਜਵਾਨ ਚਰਨਦੀਪ ਸਿੰਘ ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਹੋਈ ਤਾਲਾਬੰਦੀ ਦੌਰਾਨ ਹਜ਼ਾਰਾਂ ਲੋੜਵੰਦਾਂ ਨੂੰ ਭੋਜਨ ਮੁਹੱਈਆ ਕਰਵਾ ਕੇ ਇਕ ਬਹੁਤ ਹੀ ਸਨਮਾਨਿਤ ਪੁਰਸਕਾਰ "ਪ੍ਰਾਈਡ ਆਫ ਸਕਾਟਲੈਂਡ" ਪ੍ਰਾਪਤ ਕੀਤਾ ਹੈ।

ਇਸ ਸਾਲ ਮਾਰਚ ਤੋਂ ਲੈ ਕੇ ਸਿੱਖ ਫੂਡਬੈਂਕ ਨੇ ਲੋੜਵੰਦਾਂ ਲਈ ਪ੍ਰਚੂਨ ਦਾ ਸਮਾਨ, ਭੋਜਨ ਅਤੇ ਨਾਲ ਹੀ ਸਵੈ-ਇੱਛੁਕ ਖਰੀਦਦਾਰੀ ਦੀ ਸੇਵਾ ਵੀ ਮੁਹੱਈਆ ਕਰਵਾਈ ਹੈ। ਚਰਨਦੀਪ ਸਿੰਘ ਨੇ ਆਪਣੇ 50 ਵਲੰਟੀਅਰਾਂ ਦੀ ਮਜ਼ਬੂਤ ਟੀਮ ਦੁਆਰਾ ਗਲਾਸਗੋ ਦੇ ਨਾਲ-ਨਾਲ ਐਡਿਨਬਰਾ, ਡੰਡੀ ਅਤੇ ਐਬਰਡੀਨ ਵਿੱਚ ਵੀ ਪਰਿਵਾਰਾਂ ਨੂੰ ਭੋਜਨ ਦੇ ਪਾਰਸਲਾਂ ਦੀ ਸਪੁਰਦਗੀ ਕੀਤੀ ਹੈ ਅਤੇ ਇਸ ਸੰਸਥਾ ਦਾ ਦਾਅਵਾ ਹੈ ਕਿ ਉਨ੍ਹਾਂ ਵੱਲੋਂ ਹੁਣ ਤੱਕ ਲਗਭਗ 1 ਲੱਖ ਦੇ ਕਰੀਬ ਭੋਜਨ ਵੰਡਿਆ ਜਾ ਚੁੱਕਿਆ ਹੈ।

'ਸਿੱਖ ਫੂਡਬੈਂਕ' ਸੰਸਥਾ ਦੇ ਚਰਨਦੀਪ ਸਿੰਘ ਗਲਾਸਗੋ ਸੈਂਟਰਲ ਸਟੇਸ਼ਨ ਦੇ ਬੇਘਰੇ ਲੋਕਾਂ ਲਈ ਕ੍ਰਿਸਮਸ ਦੇ ਦਿਨ ਗਰਮ ਭੋਜਨ ਦੇ ਕੇ ਵੀ ਆਪਣੇ ਫਰਜ਼ ਨੂੰ ਬਿਨਾਂ ਕਿਸੇ ਭੇਦਭਾਵ ਦੇ ਪੂਰਾ ਕਰਨਗੇ। ਇਸ ਸਿੱਖ ਨੌਜਵਾਨ ਚਰਨਦੀਪ ਸਿੰਘ ਦਾ ਕਹਿਣਾ ਹੈ ਕਿ ਫੂਡਬੈਂਕ ਦੇ ਨਾਲ ਕੰਮ ਕਰਦਿਆਂ ਉਸ ਨੇ ਗਲਾਸਗੋ ਵਿਚ ਸਿੱਖ ਭਾਈਚਾਰੇ ਬਾਰੇ ਬਹੁਤ ਕੁੱਝ ਸਿੱਖਿਆ ਹੈ ।

Lalita Mam

This news is Content Editor Lalita Mam