ਚੜ੍ਹਦੀ ਕਲਾ ਸਿੱਖ ਆਰਗੇਨਾਈਜੇਸ਼ਨ ਵੱਲੋਂ ਗੁਰੂ ਘਰ ਦੇ ਵਜ਼ੀਰਾਂ ਨੂੰ ਦਿੱਤੀ ਗਈ ਆਰਥਿਕ ਮਦਦ

05/26/2020 8:01:56 AM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- "ਗੁਰੂਘਰ ਦੇ ਗ੍ਰੰਥੀ ਸਿੰਘ ਉਹ ਅਧਿਆਪਕ ਹਨ, ਜਿਨ੍ਹਾਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਾ ਹੁੰਦਾ ਹੈ। ਪਰ ਅਜੋਕੇ ਸਮੇਂ ਵਿਚ ਜਦੋਂ ਗੁਰੂਘਰਾਂ ਤੋਂ ਲੈ ਕੇ ਸਭ ਕੁਝ ਬੰਦ ਹੈ ਤਾਂ ਮਾੜੇ ਆਰਥਿਕ ਹਾਲਾਤਾਂ ਦਾ ਅਸਰ ਇਨ੍ਹਾਂ ਅਧਿਆਪਕਾਂ 'ਤੇ ਪੈਣਾ ਲਾਜ਼ਮੀ ਹੈ। ਜਿੰਨਾ ਚਿਰ ਕੋਈ ਅਧਿਆਪਕ ਮਾਨਸਿਕ ਚਿੰਤਾਵਾਂ ਤੋਂ ਮੁਕਤ ਨਹੀਂ ਹੁੰਦਾ, ਓਨਾ ਚਿਰ ਉਹ ਆਪਣੇ ਫ਼ਰਜ਼ ਵੀ ਇੱਕ ਚਿੱਤ ਹੋ ਕੇ ਨਹੀਂ ਨਿਭਾਅ ਸਕਦਾ। ਇਸ ਲਈ ਅਸੀਂ ਗੁਰੂਘਰ ਦੇ ਵਜੀਰਾਂ ਨੂੰ ਆਰਥਿਕ ਸਹਾਇਤਾ ਭੇਜਣ ਦਾ ਨਿਗੁਣਾ ਜਿਹਾ ਯਤਨ ਕੀਤਾ ਹੈ।"

ਉਕਤ ਵਿਚਾਰਾਂ ਦਾ ਪ੍ਰਗਟਾਵਾ ਇਸ ਪ੍ਰਤੀਨਿਧੀ ਨਾਲ ਚੜ੍ਹਦੀ ਕਲਾ ਸਿੱਖ ਆਰਗੇਨਾਈਜੇਸ਼ਨ ਗਰੇਵਜੈਂਡ ਦੇ ਆਗੂ ਪਰਮਿੰਦਰ ਸਿੰਘ ਮੰਡ ਨੇ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਵੱਲੋਂ ਸਿੱਖੀ ਅਤੇ ਸਿੱਖ ਵਿਰਸੇ ਦੀ ਚੜ੍ਹਦੀ ਕਲਾ ਲਈ ਸਮੇਂ- ਸਮੇਂ 'ਤੇ ਨਿਸ਼ਕਾਮ ਕਾਰਜ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸੰਸਥਾ ਦੇ ਸਮੂਹ ਅਹੁਦੇਦਾਰ ਤੇ ਮੈਂਬਰ ਵਧਾਈ ਦੇ ਪਾਤਰ ਹਨ। ਜਿਨ੍ਹਾਂ ਨੇ ਆਪਣੇ ਦਸਵੰਧ ਵਿਚੋਂ ਮਾਇਆ ਭੇਟ ਕਰਕੇ ਗੁਰੂਘਰ ਦੇ ਵਜੀਰਾਂ ਦੇ ਬੁੱਲ੍ਹਾਂ 'ਤੇ ਮੁਸਕਾਨ ਲਿਆਂਦੀ ਹੈ। ਗੁਰੂ ਘਰ ਦੇ ਵਜ਼ੀਰਾਂ ਦੇ ਹੱਥ ਰਾਸ਼ੀ ਸਪੁਰਦ ਕਰਨ ਦੇ ਫਰਜ਼ ਗੁਰਭੇਜ ਸਿੰਘ ਪੰਨੂੰ, ਜੋਗਿੰਦਰ ਸਿੰਘ ਸ਼ਾਹ, ਗੁਰਦੇਵ ਸਿੰਘ ਸ਼ਾਹ ਨੇ ਨੌਸ਼ਹਿਰਾਂ ਪੰਨੂਆਂ ਦੇ ਗੁਰਦੁਆਰਾ ਚੌਧਰੀਵਾਲਾ ਵਿਖੇ ਹੋਏ ਸਮਾਗਮ ਦੌਰਾਨ ਨਿਭਾਏ। ਇਲਾਕੇ ਭਰ ਦੇ ਗ੍ਰੰਥੀ ਸਿੰਘਾਂ ਵੱਲੋਂ ਸੰਸਥਾ ਦੇ ਸਮੂਹ ਅਹੁਦੇਦਾਰਾਂ, ਸਹਿਯੋਗੀਆਂ ਤੇ ਸੰਗਤ ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕੀਤੀ ਗਈ।
 

Lalita Mam

This news is Content Editor Lalita Mam