ਚਾਡ ਫੌਜ ਦਾ ਦਾਅਵਾ, ਬੋਕੋ ਹਰਾਮ ਦੇ 1000 ਅੱਤਵਾਦੀ ਕੀਤੇ ਢੇਰ

04/10/2020 5:31:13 PM

ਜਾਮੇਨਾ (ਬਿਊਰੋ) ਅਫਰੀਕੀ ਦੇਸ਼ ਚਾਡ ਦੀ ਫੌਜ ਦਾ ਦਾਅਵਾ ਹੈ ਕਿ ਬੀਤੇ 10 ਦਿਨਾਂ ਦੇ ਦੌਰਾਨ ਚਲਾਏ ਗਏ ਆਪਰੇਸ਼ਨ ਵਿਚ ਉਸ ਨੇ ਬੋਕੋ ਹਰਾਮ ਦੇ ਕਰੀਬ 1000 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਚਾਡ ਦੀ ਫੌਜ ਦੇ ਬੁਲਾਰੇ ਆਜ਼ਮ ਬਰਮਾਦੋਆ ਨੇ ਵੀਰਵਾਰ ਨੂੰ ਦੱਸਿਆ ਕਿ ਅੱਤਵਾਦੀਆਂ ਦੇ ਵਿਰੁੱਧ ਬੀਤੀ 31 ਮਾਰਚ ਨੂੰ ਸ਼ੁਰੂ ਕੀਤੀ ਗਈ ਵਿਸ਼ੇਸ਼ ਮਿਲਟਰੀ ਮੁਹਿੰਮ ਵਿਚ 52 ਜਵਾਨ ਸ਼ਹੀਦ ਹੋਏ ਅਤੇ 196 ਜਵਾਨ ਜ਼ਖਮੀ ਹਨ। ਇਸ ਮੁਹਿੰਮ ਵਿਚ ਫੌਜ ਨੇ ਚਾਡ ਦੇ ਇਲਾਵਾ ਨਾਈਜਰ ਅਤੇ ਨਾਈਜੀਰੀਆ ਦੀ ਸੀਮਾ ਨਾਲ ਲੱਗਦੀ ਚਾਡ ਝੀਲ ਖੇਤਰ ਦੇ ਬੰਜ਼ਰ ਇਲਾਕੇ ਵਿਚ ਅੱਤਵਾਦੀਆਂ ਦੇ ਠਿਕਾਣਿਆਂ ਨੂੰ ਢਹਿ-ਢੇਰੀ ਕਰ ਦਿੱਤਾ। ਦੂਰ ਪੱਛਮੀ ਇਲਾਕੇ ਦੇ ਨੇੜੇ ਨਾਈਜੀਰੀਆ ਦੇ ਜਿਹਾਦੀਆਂ ਦੇ ਇਸ ਸੰਗਠਨ ਨਾਲ ਚਾਡ ਦੀ ਫੌਜ ਲੰਬੇ ਸਮੇਂ ਤੋਂ ਜੰਗ ਲੜ ਰਹੀ ਹੈ।

ਬੁਲਾਰੇ ਆਜ਼ਮ ਨੇ ਦੱਸਿਆ,''ਸਾਡੇ ਜਵਾਨਾਂ ਨੇ ਬੋਕੋ ਹਰਾਮ ਦੇ 2 ਆਈਲੈਂਡ ਬੇਸ 'ਤੇ ਕਬਜ਼ਾ ਕਰ ਲਿਆ ਅਤੇ ਨਾਈਜਰ ਅਤੇ  ਨਾਈਜੀਰੀਆ ਦੇ ਚਾਡ ਝੀਲ ਦੇ ਤੱਟਾਂ 'ਤੇ ਵੀ ਤਾਇਨਾਤ ਹੋ ਗਏ। ਇਹ ਸਾਰੇ ਉਦੋਂ ਤੱਕ ਸਥਾਨ 'ਤੇ ਡਟੇ ਰਹਿਣਗੇ ਜਦੋਂ ਤੱਕ ਦੇਸ਼ ਦੀ ਫੌਜ ਨਾ ਪਹੁੰਚ ਜਾਵੇ। ਇਹ ਇਲਾਕਾ ਇੰਨਾ ਉਜਾੜ ਹੈ ਕਿ ਤੁਰੰਤ ਇਹ ਦੱਸਣਾ ਅਸੰਭਵ ਹੈ ਕਿ ਇਸ ਦੇ ਕਾਰਨ ਲੋਕਾਂ 'ਤੇ ਕੀ ਅਸਰ ਪਵੇਗਾ। ਸਾਲ 2009 ਵਿਚ ਪੂਰਬੀ ਉੱਤਰੀ ਨਾਈਜੀਰੀਆ ਵਿਚ ਬੋਕੋ ਹਰਾਮ ਵੱਲੋਂ ਵਿਦਰੋਹ ਦੀ ਸ਼ੁਰੂਆਤ ਹੋਈ ਸੀ ਜਿਸ ਵਿਚ 30,000 ਤੋਂ ਵਧੇਰੇ ਲੋਕ ਮਾਰੇ ਗਏ ਅਤੇ ਲੱਖਾਂ ਲੋਕ ਆਪਣੇ ਘਰਾਂ ਤੋਂ ਭੱਜਣ ਲਈ ਮਜਬੂਰ ਹੋ ਗਏ।  
 


Vandana

Content Editor

Related News