ਆਸਟ੍ਰੇਲੀਆ : ਝਾੜੀਆਂ ''ਚ ਲੱਗੀ ਅੱਗ ਕਾਰਨ 21 ਘਰ ਹੋਏ ਬਰਬਾਦ

09/07/2019 2:21:21 PM

ਕੁਈਨਜ਼ਲੈਂਡ— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਦੇ ਇਲਾਕੇ ਸਟੈਨਥੋਰੈਪ, ਬੀਨਾ ਬੁਰਾ ਅਤੇ ਐਪਲਥੋਰੇਪ ਦੀਆਂ ਝਾੜੀਆਂ'ਚ ਅੱਗ ਲੱਗਣ ਕਾਰਨ 21 ਘਰ ਬਰਬਾਦ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਨੂੰ ਇਸ ਇਲਾਕੇ 'ਚ ਆਉਣ ਤੋਂ ਸਖਤਾਈ ਨਾਲ ਰੋਕ ਦਿੱਤਾ ਗਿਆ ਹੈ। ਅਜੇ ਤਕ ਕਿਸੇ ਦੇ ਜ਼ਖਮੀ ਹੋਣ ਜਾਂ ਮੌਤ ਹੋਣ ਦੀ ਖਬਰ ਨਹੀਂ ਹੈ ਪਰ ਜੰਗਲੀ ਜਾਨਵਰਾਂ ਦੀ ਜ਼ਿੰਦਗੀ ਖਤਰੇ 'ਚ ਹੈ। ਵਾਈਲਡਕੇਅਰ ਵਲੰਟੀਅਰਜ਼ ਨੇ ਦੱਸਿਆ ਕਿ ਜਾਨਵਰਾਂ ਨੂੰ ਸੁਰੱਖਿਅਤ ਕੱਢਣਾ ਮੁਸ਼ਕਲ ਹੈ। ਉਨ੍ਹਾਂ ਨੇ ਅੱਗ 'ਚ ਝੁਲਸੇ ਇਲਾਕੇ 'ਚ ਕੋਇਲਾ ਮਾਂ ਤੇ ਉਸ ਦੇ ਬੱਚੇ ਨੂੰ ਦੇਖਿਆ ਤੇ ਉਨ੍ਹਾਂ ਦੀ ਜਾਨ ਬਚਾਈ। ਵਾਈਲਡ ਕੇਅਰ ਆਸਟ੍ਰੇਲੀਆ ਦੇ ਇੰਚਾਰਜ ਵਲੋਂ ਦੱਸਿਆ ਗਿਆ ਕਿ ਉਨ੍ਹਾਂ ਵਲੋਂ ਪ੍ਰਭਾਵਿਤ ਇਲਾਕਿਆਂ 'ਚ ਬਚਾਅ ਅਧਿਕਾਰੀ ਭੇਜੇ ਗਏ ਹਨ ਤਾਂ ਜੋ ਉੱਥੇ ਫਸੇ ਜਾਨਵਰਾਂ ਨੂੰ ਬਚਾਇਆ ਜਾ ਸਕੇ।

ਦੱਸਿਆ ਜਾ ਰਿਹਾ ਹੈ ਕਿ ਇੱਥੇ ਝਾੜੀਆਂ 'ਚ ਲੱਗੀ ਅੱਗ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਜਿਵੇਂ ਐਟੋਮਿਕ ਬੰਬ ਫਟਿਆ ਹੋਵੇ। ਅਧਿਕਾਰੀਆਂ ਵਲੋਂ ਕਿਹਾ ਗਿਆ ਹੈ ਕਿ ਜੇਕਰ ਕਿਸੇ ਦੀ ਜ਼ਿੰਦਗੀ ਜਾਂ ਪ੍ਰਾਪਰਟੀ ਨੂੰ ਖਤਰਾ ਹੈ ਤਾਂ ਉਹ ਟ੍ਰਿਪਲ ਜ਼ੀਰੋ (000) 'ਤੇ ਕਾਲ ਕਰਕੇ ਉਨ੍ਹਾਂ ਤੋਂ ਮਦਦ ਲੈ ਲਵੇ। ਜਿਨ੍ਹਾਂ ਲੋਕਾਂ ਦੀ ਪ੍ਰਾਪਰਟੀ ਨੂੰ ਨੁਕਸਾਨ ਪੁੱਜ ਚੁੱਕਾ ਹੈ, ਉਨ੍ਹਾਂ ਦੀ ਮਦਦ ਲਈ ਕਾਮਨਵੈਲਥ ਸਟੇਟ ਡਿਜ਼ਾਸਟਰ ਰਿਕਵਰੀ ਫੰਡਿੰਗ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

ਕੁਈਨਜ਼ਲੈਂਡ ਸੂਬੇ 'ਚ 15 ਘਰ ਦੀ ਅੱਗ ਦੀ ਭੇਟ ਚੜ੍ਹ ਗਏ ਹਨ। ਇਕ ਵਿਅਕਤੀ ਨੇ ਦੱਸਿਆ ਕਿ ਉਸ ਦੇ ਘਰ 'ਚ ਉਸ ਦੇ ਬੱਚਿਆਂ ਤੇ ਪੋਤੇ-ਪੋਤੀਆਂ ਦਾ ਬਚਪਨ ਬੀਤਿਆ ਹੈ ਪਰ ਹੁਣ ਇਹ ਸੜ ਚੁੱਕਾ ਹੈ, ਜੋ ਕਿ ਵੱਡਾ ਨੁਕਸਾਨ ਹੈ।