60 ਸਾਲ ਬਾਅਦ ਕਿਊਬਾ ਵਿਚ ਖਤਮ ਹੋਇਆ ਕਾਸਤਰੋ ਰਾਜ, ਡਿਆਜ਼ ਕਨੇਲ ਬਣੇ ਨਵੇਂ ਰਾਸ਼ਟਰਪਤੀ

04/19/2018 7:59:05 PM

ਹਵਾਨਾ (ਏਜੰਸੀ)- ਵੀਰਵਾਰ ਨੂੰ ਕਿਊਬਾ ਵਿਚ ਰਾਊਲ ਕਾਸਤਰੋ ਦੇ ਰਾਸ਼ਟਰਪਤੀ ਅਹੁਦਾ ਛੱਡਣ ਤੋਂ ਬਾਅਦ ਕਾਸਤਰੋ ਯੁੱਗ ਦਾ ਅੰਤ ਹੋ ਗਿਆ। ਕਾਸਤਰੋ ਨੇ ਅਧਿਕਾਰਤ ਤੌਰ ਉੱਤੇ ਲੰਬੇ ਸਮੇਂ ਤੋਂ ਉਪ ਰਾਸ਼ਟਰਪਤੀ ਰਹੇ ਮਿਗੇਲ ਡਿਆਜ਼ ਕਨੇਲ ਨੂੰ ਆਪਣਾ ਅਹੁਦਾ ਸੌਂਪ ਦਿੱਤਾ ਹੈ ਅਤੇ ਇਸ ਦੇ ਨਾਲ ਦੇਸ਼ ਦੀ ਸੱਤਾ ਉੱਤੇ 6 ਦਹਾਕੇ ਤੋਂ ਕਾਬਜ਼ ਕਾਸਤਰੋ ਪਰਿਵਾਰ ਦੀ ਪਕੜ ਵੀ ਖਤਮ ਹੋ ਗਈ। 57 ਸਾਲਾ ਕਨੇਲ ਕਮਿਊਨਿਸਟ ਪਾਰਟੀ ਦੇ ਸਭ ਤੋਂ ਉੱਚ ਨੇਤਾਵਾਂ ਵਿਚੋਂ ਇਕ ਹਨ। ਉਹ ਸਾਲ 2013 ਵਿਚ ਪਹਿਲੀ ਵਾਰ ਦੇਸ਼ ਦੇ ਉਪ ਰਾਸ਼ਟਰਪਤੀ ਬਣੇ ਸਨ ਅਤੇ ਹੁਣ 1959 ਦੀ ਕ੍ਰਾਂਤੀ ਤੋਂ ਬਾਅਦ ਉਹ ਦੇਸ਼ ਦੇ ਪਹਿਲੇ ਅਜਿਹੇ ਨੇਤਾ ਹਨ ਜੋ ਕਾਸਤਰੋ ਪਰਿਵਾਰ ਤੋਂ ਨਾ ਹੋਣ ਦੇ ਬਾਵਜੂਦ ਰਾਸ਼ਟਰਪਤੀ ਬਣੇ ਹਨ। ਕੋਲਡ ਵਾਰ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਫਿਦੇਲ ਕਾਸਤਰੋ ਅਤੇ ਉਨ੍ਹਾਂ ਤੋਂ ਬਾਅਦ ਛੋਟੇ ਭਰਾ ਰਾਊਲ ਕਾਸਤਰੋ ਨੇ ਦੇਸ਼ ਦੀ ਸੱਤਾ ਸੰਭਾਲੀ ਹੈ। 86 ਸਾਲ ਦੇ ਹੋ ਚੁੱਕੇ ਰਾਊਲ ਸਾਲ 2006 ਤੋਂ ਹੀ ਦੇਸ਼ ਦੇ ਰਾਸ਼ਟਰਪਤੀ ਸਨ। ਵੱਡੇ ਭਰਾ ਫਿਦੇਲ ਦੀ ਬੀਮਾਰੀ ਕਾਰਨ ਉਨ੍ਹਾਂ ਨੇ ਇਹ ਅਹੁਦਾ ਸੰਭਾਲਿਆ ਸੀ। ਡਿਆਜ਼ ਕਨੇਲ ਰਾਸ਼ਟਰਪਤੀ ਅਹੁਦੇ ਲਈ ਇਕੱਲੇ ਉਮੀਦਵਾਰ ਸਨ। ਦੇਸ਼ ਦੇ ਪਹਿਲੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਤੱਕ ਵੀ 57 ਸਾਲਾ ਡਿਆਜ਼ ਕੋਲ ਲੰਬਾ ਰਾਜਨੀਤਕ ਤਜ਼ਰਬਾ ਸੀ। ਹਾਲਾਂਕਿ, ਕਾਸਤਰੋ ਅਹੁਦਾ ਛੱਡਣ ਤੋਂ ਬਾਅਦ ਵੀ ਕਮਿਊਨਿਸਟ ਕਿਊਬਾ ਦੀ ਰਾਜਨੀਤੀ ਵਿਚ ਪ੍ਰਭਾਵਸ਼ਾਲੀ ਵਿਅਕਤੀ ਬਣੇ ਰਹਿਣਗੇ। ਉਹ 2021 ਵਿਚ ਕਮਿਊਨਿਸਟ ਪਾਰਟੀ ਦੇ ਰਾਸ਼ਟਰੀ ਅਧਿਵੇਸ਼ਨ ਦੇ ਹੋਣ ਤੱਕ ਪਾਰਟੀ ਦੇ ਪ੍ਰਧਾਨ ਬਣੇ ਰਹਿਣਗੇ।


Related News