ਕੈਸਪੀਅਨ ਸਾਗਰ ''ਚ ਰਹੱਸਮਈ ਢੰਗ ਨਾਲ 272 ਸੀਲ ਦੀ ਮੌਤ, ਵਿਗਿਆਨੀ ਹੈਰਾਨ

12/14/2020 5:56:55 PM

ਮਾਸਕੋ (ਬਿਊਰੋ): ਰੂਸ ਦੇ ਦਾਗਿਸਤਾਨ ਇਲਾਕੇ ਵਿਚ ਕੈਸਪੀਅਨ ਸਾਗਰ ਦੇ ਤੱਟ 'ਤੇ ਰਹੱਸਮਈ ਢੰਗ ਨਾਲ 272 ਕੈਸਪੀਅਨ ਸੀਲ ਨੂੰ ਮ੍ਰਿਤਕ ਪਾਇਆ ਗਿਆ ਹੈ। ਹਰ ਪਾਸਿਓਂ ਜ਼ਮੀਨ ਨਾਲ ਘਿਰੇ ਕੈਸਪੀਅਨ ਸਾਗਰ ਵਿਚ ਹੀ ਇਹਨਾਂ ਸੀਲ ਨੂੰ ਪਾਇਆ ਜਾਂਦਾ ਹੈ। ਰੂਸੀ ਫੈਡਰਲ ਫਿਸ਼ਰੀ ਏਜੰਸੀ ਦੇ ਮੁਤਾਬਕ, 272 ਸੀਲ ਨੂੰ ਮ੍ਰਿਤਕ ਪਾਇਆ ਗਿਆ ਹੈ। ਇਹ ਮ੍ਰਿਤਕ ਸੀਲ ਸੁਲਕ ਇਲਾਕੇ ਵਿਚ ਅਜ਼ਰਬੈਜਾਨ ਦੀ ਸਰਹੱਦ ਤੱਕ ਪਾਏ ਗਏ ਹਨ। ਇਹ ਸੀਲ ਦੁਨੀਆ ਦੇ ਖਤਰੇ ਵਾਲੇ ਜਾਨਵਰਾਂ ਵਿਚ ਸ਼ਾਮਲ ਹਨ।

ਮੌਤ ਦੇ ਕਾਰਨਾਂ ਦਾ ਖੁਲਾਸਾ ਨਹੀਂ
ਰਸੀਆ ਟੁਡੇ ਟੀਵੀ ਦੀ ਰਿਪੋਰਟ ਦੇ ਮੁਤਾਬਕ, ਇਹਨਾਂ ਸੀਲ ਦੀ ਮੌਤ ਕਿਵੇਂ ਹੋਈ, ਹਾਲੇ ਇਸ ਦਾ ਪਤਾ ਨਹੀਂ ਚੱਲ ਪਾਇਆ ਹੈ। ਸਮੁੰਦਰੀ ਇਲਾਕੇ ਵਿਚ ਜਦੋਂ ਪਹਿਲਾਂ ਸੀਲ ਦੀ ਲਾਸ਼ ਮਿਲੀ ਸੀ ਉਦੋਂ ਕੈਸਪੀਅਨ ਨੇਚਰ ਕੰਜ਼ਰਵੇਸ਼ਨ ਸੈਂਟਰ ਦੇ ਡਾਇਰੈਕਟਰ ਜੌਰ ਗਪਿਜੋਵ ਨੇ ਕਿਹਾ ਸੀ ਕਿ ਸ਼ਿਕਾਰੀ ਚੀਨ ਵਿਚ ਬਣੇ ਪਲਾਸਟਿਕ ਦੇ ਜਾਲ ਦੀ ਵਰਤੋਂ ਕਰ ਰਹੇ ਹਨ, ਜਿਸ ਨਾਲ ਸੀਲ ਦੀ ਜਾਨ ਨੂੰ ਖਤਰਾ ਪੈਦਾ ਹੋ ਗਿਆ ਹੈ। ਇਸ ਦੇ ਇਲਾਵਾ ਵੱਡੀ ਮਾਤਰਾ ਵਿਚ ਗੰਦਾ ਪਾਣੀ ਸਮੁੰਦਰ ਵਿਚ ਛੱਡਿਆ ਜਾ ਰਿਹਾ ਹੈ ਇਸ ਨਾਲ ਸੀਲ ਦੀ ਜਾਨ ਨੂੰ ਖਤਰਾ ਵੱਧ ਗਿਆ ਹੈ।

ਮੌਕੇ 'ਤੇ ਪਹੁੰਚੇ ਵਿਗਿਆਨੀ
ਵੱਡੀ ਗਿਣਤੀ ਵਿਚ ਵਿਗਿਆਨੀ ਸੀਲ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਦਾਗਿਸਤਾਨ ਪਹੁੰਚ ਗਏ ਹਨ। ਉੱਥੇ ਕੁਝ ਮਾਹਰਾਂ ਦਾ ਦਾਅਵਾ ਹੈ ਕਿ ਖਰਾਬ ਮੌਸਮ ਅਤੇ ਬੀਮਾਰੀ ਜਾਂ ਗੰਦੇ ਪਾਣੀ ਦੇ ਕਾਰਨ ਇਹਨਾਂ ਸੀਲ ਦੀ ਮੌਤ ਹੋਈ ਹੈ। ਕੈਸਪੀਅਨ ਸਾਗਰ ਦੁਨੀਆ ਦੀ ਸਭ ਤੋਂ ਵੱਡੀ ਝੀਲ ਹੈ ਜੋ ਚਾਰੇ ਪਾਸੀਂ ਅਜ਼ਰਬੈਜਾਨ, ਈਰਾਨ, ਕਜ਼ਾਖਿਸਤਾਨ, ਰੂਸ ਅਤੇ ਤੁਰਕਮੇਨਿਸਤਾਨ ਨਾਲ ਘਿਰੀ ਹੋਈ ਹੈ। ਇਹ ਝੀਲ ਮੱਛੀ ਦੇ ਆਂਡਿਆਂ ਅਤੇ ਤੇਲ ਦੇ ਲਈ ਮਸ਼ਹੂਰ ਹੈ। ਇਹ ਕਈ ਅਜਿਹੇ ਜੀਵਾਂ ਦਾ ਘਰ ਹੈ ਜੋ ਪੂਰੀ ਦੁਨੀਆ ਵਿਚ ਹੋਰ ਕਿਤੇ ਨਹੀਂ ਪਾਏ ਜਾਂਦੇ।

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 2021 ਦੇ ਸ਼ੁਰੂ ਤੋਂ ਆਸਟ੍ਰੇਲੀਆਈ ਯਾਤਰੀਆਂ ਲਈ ਖੋਲ੍ਹੇਗਾ ਬਾਰਡਰ : ਜੈਸਿੰਡਾ

ਦਾਗਿਸਤਾਨ ਮਾਸਕੋ ਤੋਂ 1500 ਕਿਲੋਮੀਟਰ ਦੱਖਣ ਵਿਚ ਸਥਿਤ ਹੈ ਅਤੇ ਮੁਸਲਿਮ ਬਹੁ ਗਿਣਤੀ ਇਲਾਕਾ ਹੈ। ਇਸ ਤੋਂ ਪਹਿਲਾਂ ਇਸੇ ਸਾਲ ਰੂਸ ਦੇ ਦੂਰ-ਦੁਰਾਡੇ ਇਲਾਕੇ ਕਮਚਤਕਾ ਪ੍ਰਾਇਦੀਪ 'ਤੇ ਸੈਂਕੜੇ ਜੀਵ ਮ੍ਰਿਤਕ ਪਾਏ ਗਏ ਸਨ। ਸਥਾਨਕ ਲੋਕਾਂ ਨੇ ਦੱਸਿਆ ਸੀ ਕਿ ਅਵਚਾ ਬੀਚ 'ਤੇ ਮਰੀਆਂ ਹੋਈਆਂ ਮੱਛੀਆਂ, ਝੀਂਗੇ ਅਤੇ ਕੇਕੜੇ ਪਾਏ ਗਏ ਸਨ। ਕਮਚਤਕਾ ਇਲਾਕਾ ਯੂਨੇਸਕੋ ਦੇ ਵਿਸ਼ਵ ਵਿਰਾਸਤ ਸਥਲਾਂ ਦੀ ਸੂਚੀ ਵਿਚ ਸ਼ਾਮਲ ਹੈ।

ਨੋਟ - ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।

Vandana

This news is Content Editor Vandana