ਆਸਟਰੇਲੀਆ ''ਚ ਕਾਰ ਅਤੇ ਟਰੱਕ ਦੀ ਟੱਕਰ, 3 ਦੀ ਮੌਤ

02/16/2018 10:59:41 AM

ਸਿਡਨੀ (ਬਿਊਰੋ)— ਸਿਡਨੀ ਦੇ ਦੱਖਣੀ-ਪੱਛਮੀ ਇਲਾਕੇ ਵਿਚ ਇਕ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ। ਇਸ ਟੱਕਰ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਇਸ ਹਾਦਸੇ ਮਗਰੋਂ ਅਧਿਕਾਰੀਆਂ ਨੂੰ ਬੋ ਬੋਇੰਗ ਵਿਚ ਸੈਂਟ ਐਂਡਰਿਊਜ਼ ਰੋਡ ਨੇੜੇ ਕੈਂਪਬੇਲਟਾਊਨ ਰੋਡ 'ਤੇ ਬੁਲਾਇਆ ਗਿਆ।

ਕਾਰ ਚਲਾਉਣ ਵਾਲੇ 74 ਸਾਲਾ ਵਿਅਕਤੀ ਤੇ ਉਸ ਵਿਚ ਸਵਾਰ ਦੋ ਯਾਤਰੀਆਂ, ਜਿਨ੍ਹਾਂ ਵਿਚ ਇਕ ਮਰਦ ਅਤੇ ਔਰਤ ਸਵਾਰ ਸੀ, ਤਿੰਨਾਂ ਦਾ ਪੈਰਾਮੈਡੀਕਲ ਅਧਿਕਾਰੀਆਂ ਨੇ ਇਲਾਜ ਕੀਤਾ ਪਰ ਮੌਕੇ 'ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਕਾਰ ਵਿਚ ਸਵਾਰ 76 ਸਾਲਾ ਔਰਤ ਅਤੇ 45 ਸਾਲਾ ਵਿਅਕਤੀ ਦੀ ਜਾਨ ਬਚ ਗਈ ਪਰ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਇਸ ਲਈ ਦੋਹਾਂ ਨੂੰ ਲੀਵਰਪੂਲ ਹਸਪਤਾਲ ਲਿਜਾਇਆ ਗਿਆ। ਇਲਾਜ ਮਗਰੋਂ ਉਨ੍ਹਾਂ ਦੀ ਹਾਲਤ ਸਥਿਰ ਹੈ।

59 ਸਾਲਾ ਟਰੱਕ ਡਰਾਈਵਰ ਨੂੰ ਜ਼ਰੂਰੀ ਟੈਸਟਾਂ ਲਈ ਕੈਂਪਬੇਲਟਾਊਨ ਹਸਪਤਾਲ ਲਿਜਾਇਆ ਗਿਆ। ਇਸ ਹਾਦਸੇ ਕਾਰਨ ਕੈਂਪਬੇਲਟਾਊਨ ਰੋਡ 'ਤੇ ਆਵਾਜਾਈ ਕਾਫੀ ਸਮੇਂ ਤੱਕ ਠੱਪ ਰਹੀ।