ਯੂ. ਕੇ. : ਕਪਤਾਨ ਟੌਮ ਮੂਰ ਨੇ ਨੌਜਵਾਨਾਂ ਨੂੰ ਦਿੱਤੀ ਇਹ ਨਸੀਹਤ

11/11/2020 5:37:07 PM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਵਿਚ ਕੋਰੋਨਾ ਨੂੰ ਹਰਾਉਣ ਲਈ ਦੂਜੀ ਤਾਲਾਬੰਦੀ ਲਾਗੂ ਕੀਤੀ ਗਈ ਹੈ। ਇਸ ਦੌਰਾਨ ਬਜ਼ੁਰਗ ਲੋਕ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਉਮਰ ਦੇ ਇਸ ਪੜਾਅ 'ਤੇ ਆ ਕੇ ਬਜ਼ੁਰਗਾਂ ਦਾ ਦਿਮਾਗ ਛੋਟੇ ਬੱਚਿਆਂ ਦੇ ਸਮਾਨ ਹੋ ਜਾਂਦਾ ਹੈ ਜੋ ਕਿ ਧਿਆਨ ਅਤੇ ਪਿਆਰ ਭਾਲਦਾ ਹੈ ਪਰ ਕਈ ਲੋਕ ਆਪਣੇ ਬਜ਼ੁਰਗਾਂ ਨੂੰ ਆਪਣਾ ਟਾਈਮ ਅਤੇ ਸਤਿਕਾਰ ਨਹੀਂ ਦੇ ਪਾਉਂਦੇ ਜਿਸ ਨਾਲ ਉਹ ਇਕੱਲਤਾ ਅਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਦੇ ਹਨ। ਖਾਸ ਕਰਕੇ ਕੋਰੋਨਾ ਕਾਲ ਦੌਰਾਨ ਹੋਈ ਤਾਲਾਬੰਦੀ ਕਰਕੇ ਇੰਗਲੈਂਡ ਵਿਚ ਇਹ ਸਮੱਸਿਆ ਵੇਖੀ ਗਈ ਹੈ। 

ਇਸ ਸੰਬੰਧੀ ਕਪਤਾਨ ਟੌਮ ਮੂਰ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਦੀਆਂ ਦੌਰਾਨ ਤਾਲਾਬੰਦੀ ਸਮੇਂ ਆਪਣੇ ਦਾਦਾ-ਦਾਦੀ ਅਤੇ ਹੋਰ ਬਜ਼ੁਰਗਾਂ ਨਾਲ ਗੱਲਬਾਤ ਕਰਨ। ਦੇਸ਼ ਲਈ ਕਈ ਲੜਾਈਆਂ ਵਿਚ ਭਾਗ ਲੈ ਚੁੱਕੇ 100 ਸਾਲ ਦੇ ਬਜ਼ੁਰਗ ਨੇ ਕ੍ਰਿਸਮਿਸ ਦੇ ਸਮੇਂ ਬਜ਼ੁਰਗਾਂ ਦੀ ਦੇਖਭਾਲ ਨੂੰ ਮਹੱਤਤਾ ਦਿੱਤੀ ਹੈ। ਟੋਮ ਮੂਰ ਨੇ ਕਿਹਾ ਕਿ ਜੇਕਰ ਤੁਹਾਡੇ ਪਰਿਵਾਰ ਦੇ ਵੱਡੇ ਬਜ਼ੁਰਗ ਪਰਿਵਾਰ ਤੋਂ ਅਲੱਗ ਹਨ ਤਾਂ ਉਹਨਾਂ ਨੂੰ ਕ੍ਰਿਸਮਿਸ ਕਾਰਡ ਭੇਜ ਸਕਦੇ ਹੋ ਜਾਂ ਫੋਨ 'ਤੇ ਗੱਲ ਵੀ ਕਰ ਸਕਦੇ ਹੋ, ਇਸ ਨਾਲ ਉਹਨਾਂ ਨੂੰ ਖ਼ੁਸ਼ੀ ਹੋਵੇਗੀ।

ਰਾਸ਼ਟਰੀ ਨਾਇਕ ਕਪਤਾਨ ਟੌਮ ਮੂਰ ਜਿਸਨੇ ਪਹਿਲੀ ਤਾਲਾਬੰਦੀ ਦੌਰਾਨ ਐੱਨ. ਐੱਚ. ਐੱਸ. ਲਈ 32 ਮਿਲੀਅਨ ਪੌਂਡ ਇਕੱਠੇ ਕਰਨ ਤੋਂ ਬਾਅਦ ਸਨਮਾਨ ਹਾਸਿਲ ਕੀਤਾ ਸੀ, ਨੇ ਨੌਜਵਾਨਾਂ ਨੂੰ ਬਜ਼ੁਰਗਾਂ ਤੋਂ ਮਿਲਣ ਵਾਲੇ ਫਾਇਦਿਆਂ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਦੂਸਰੀ ਤਾਲਾਬੰਦੀ ਦੌਰਾਨ ਪ੍ਰੇਸ਼ਾਨੀ ਨਾਲ ਜੂਝ ਰਹੇ ਨੌਜਵਾਨ ਬਜ਼ੁਰਗ ਲੋਕਾਂ ਤੋਂ ਮੁਸ਼ਕਲਾਂ ਦੇ ਸਮੇਂ ਜਿੰਦਗੀ ਜਿਊਣ ਬਾਰੇ ਉਨ੍ਹਾਂ ਦੇ ਤਜ਼ਰਬੇ ਤੋਂ ਬਹੁਤ ਕੁਝ ਸਿੱਖ ਸਕਦੇ ਹਨ। ਪਿਛਲੇ ਹਫਤੇ ਯੁੱਧ ਦੇ ਇਸ ਤਜ਼ਰਬੇਕਾਰ ਬਜ਼ੁਰਗ ਨੇ ਇਕ ਮੁਹਿੰਮ ਵੀ ਚਲਾਈ ਹੈ ਜਿਸ ਵਿੱਚ ਦੂਜੀ ਤਾਲਾਬੰਦੀ ਦੌਰਾਨ ਦੇਸ਼ ਨੂੰ ਅੱਗੇ ਤੁਰਨ ਅਤੇ ਇਕੱਠੇ ਗੱਲਬਾਤ ਕਰਨ ਦੀ ਅਪੀਲ ਕੀਤੀ ਗਈ ਹੈ।

Lalita Mam

This news is Content Editor Lalita Mam